ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਯੁਵਰਾਜ ਦੇ ਘਰ ਚੋਰੀ ਦੀ ਵਾਰਦਾਤ ਹੋਈ ਹੈ। ਪੰਚਕੂਲਾ ਸਥਿਤ ਯੁਵਰਾਜ ਦੇ ਘਰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਚੋਰੀ 'ਚ ਘਰ 'ਚੋਂ ਨਕਦੀ ਦੇ ਨਾਲ-ਨਾਲ ਗਹਿਣੇ ਵੀ ਚੋਰੀ ਹੋ ਗਏ। ਇਹ ਸਾਰਾ ਮਾਮਲਾ ਯੁਵਰਾਜ ਸਿੰਘ ਨਾਲ ਸਬੰਧਤ ਹੋਣ ਕਾਰਨ ਬਹੁਤ ਹੀ ਹਾਈ-ਪ੍ਰੋਫਾਈਲ ਬਣ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਆ ਦੀ ਲਾਪਰਵਾਹੀ ਦਾ ਮਾਮਲਾ ਜਾਪਦਾ ਹੈ।
ਇਸ ਚੋਰੀ ਦੀ ਘਟਨਾ ਤੋਂ ਬਾਅਦ ਯੁਵਰਾਜ ਦੀ ਮਾਤਾ ਸ਼ਬਨਮ ਸਿੰਘ ਨੇ ਦੱਸਿਆ ਹੈ ਕਿ ਬੰਦ ਪੀ ਅਲਮਾਰੀ ਵਿੱਚੋਂ 75 ਹਜ਼ਾਰ ਰੁਪਏ ਅਤੇ ਗਹਿਣੇ ਚੋਰੀ ਹੋ ਗਏ ਹਨ। ਇਸ ਦੇ ਨਾਲ ਹੀ ਪਰਿਵਾਰ ਨੂੰ ਇਹ ਵੀ ਸ਼ੱਕ ਹੈ ਕਿ ਘਰ ਵਿੱਚ ਕੰਮ ਕਰਨ ਵਾਲੇ ਪੁਰਾਣੇ ਨੌਕਰ ਦਾ ਇਸ ਚੋਰੀ ਵਿੱਚ ਹੱਥ ਹੋ ਸਕਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਮਡੀਸੀ ਥਾਣੇ ਦੇ ਐਸਐਚਓ ਧਰਮਪਾਲ ਸਿੰਘ ਨਿੱਜੀ ਤੌਰ ’ਤੇ ਇਸ ਹਾਈ ਪ੍ਰੋਫਾਈਲ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜਿਹੇ 'ਚ ਜਲਦ ਹੀ ਚੋਰ ਦਾ ਖੁਲਾਸਾ ਹੋ ਸਕਦਾ ਹੈ।
ਯੁਵਰਾਜ ਦਾ ਵਿਸਫੋਟਕ ਕਰੀਅਰ: ਯੁਵਰਾਜ ਸਿੰਘ ਨੇ 2000 ਤੋਂ 2019 ਤੱਕ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਲਈ ਕ੍ਰਿਕਟ ਖੇਡੀ ਹੈ। ਯੁਵਰਾਜ ਨੇ ਪਹਿਲੀ ਵਾਰ ਵਨਡੇ ਵਿੱਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਟੈਸਟ ਅਤੇ ਫਿਰ ਟੀ-20 ਡੈਬਿਊ ਕੀਤਾ। ਉਸ ਨੇ ਭਾਰਤ ਲਈ 40 ਟੈਸਟ ਮੈਚਾਂ ਦੀਆਂ 62 ਪਾਰੀਆਂ ਵਿੱਚ 3 ਸੈਂਕੜੇ ਅਤੇ 11 ਅਰਧ ਸੈਂਕੜਿਆਂ ਦੀ ਮਦਦ ਨਾਲ 1900 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ 304 ਵਨਡੇ ਮੈਚਾਂ ਦੀਆਂ 278 ਪਾਰੀਆਂ 'ਚ 8701 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਨਾਂ 14 ਸੈਂਕੜੇ ਅਤੇ 52 ਅਰਧ ਸੈਂਕੜੇ ਦਰਜ ਹਨ।
ਯੁਵਰਾਜ ਨੇ ਭਾਰਤ ਲਈ 58 ਟੀ-20 ਮੈਚਾਂ ਦੀਆਂ 51 ਪਾਰੀਆਂ 'ਚ 8 ਅਰਧ ਸੈਂਕੜਿਆਂ ਦੀ ਮਦਦ ਨਾਲ 1177 ਦੌੜਾਂ ਬਣਾਈਆਂ ਹਨ। ਉਹ ਟੀ-20 ਫਾਰਮੈਟ ਵਿੱਚ 6 ਗੇਂਦਾਂ ਵਿੱਚ 6 ਛੱਕੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਵੀ ਹਨ। ਉਹ ਭਾਰਤ ਦੀ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜੇਤੂ ਟੀਮ ਦਾ ਵੀ ਹਿੱਸਾ ਸੀ।