ਚੇਨੱਈ:- ਰਵੀਚੰਦਰਨ ਅਸ਼ਵਿਨ ਨੂੰ ਇੱਕ ਅਸਾਧਾਰਨ ਕਪਤਾਨ ਦੇ ਰੂਪ 'ਚ ਰੋਹਿਤ ਸ਼ਰਮਾ ਦਾ ਹਮੇਸ਼ਾ ਹੀ ਸਨਮਾਨ ਰਿਹਾ ਹੈ ਪਰ ਜਦੋਂ ਉਨ੍ਹਾਂ ਦੀ ਮਾਂ ਚਿਤਰਾ ਇੰਗਲੈਂਡ ਖਿਲਾਫ ਰਾਜਕੋਟ 'ਚ ਖੇਡੇ ਗਏ ਤੀਜੇ ਟੈਸਟ ਮੈਚ ਦੌਰਾਨ ਬੀਮਾਰ ਹੋ ਗਈ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਰਤੀ ਕਪਤਾਨ ਵੀ ਬਹੁਤ ਚੰਗਾ ਇਨਸਾਨ ਹੈ। ਅਸ਼ਵਿਨ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਲੋਕ ਸਿਰਫ ਆਪਣੇ ਬਾਰੇ ਸੋਚਦੇ ਹਨ, ਰੋਹਿਤ ਸ਼ਰਮਾ ਵਰਗੇ ਨੇਤਾ ਹਨ ਜੋ ਆਪਣੇ ਸਾਥੀ ਖਿਡਾਰੀਆਂ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਨ।
ਅਸ਼ਵਿਨ ਨੂੰ ਆਪਣੀ ਮਾਂ ਦੇ ਬੀਮਾਰ ਹੋਣ ਕਾਰਨ ਆਪਣਾ 500ਵਾਂ ਟੈਸਟ ਵਿਕਟ ਲੈਣ ਤੋਂ ਤੁਰੰਤ ਬਾਅਦ ਚੇਨੱਈ ਜਾਣਾ ਪਿਆ। ਅਸ਼ਵਿਨ ਨੇ ਆਪਣੇ ਤਮਿਲ ਯੂਟਿਊਬ ਚੈਨਲ 'ਤੇ ਕਿਹਾ, 'ਮੈਂ ਆਪਣੇ ਕਮਰੇ 'ਚ ਰੋ ਰਿਹਾ ਸੀ ਅਤੇ ਕਿਸੇ ਦਾ ਫੋਨ ਨਹੀਂ ਚੁੱਕ ਰਿਹਾ ਸੀ। ਅਜਿਹੀ ਸਥਿਤੀ ਵਿੱਚ ਰੋਹਿਤ ਅਤੇ ਰਾਹੁਲ (ਦ੍ਰਾਵਿੜ) ਭਰਾ ਮੇਰੇ ਕੋਲ ਆਏ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੁਝ ਵੀ ਸੋਚਣ ਦੇ ਯੋਗ ਨਹੀਂ ਹਾਂ।
ਉਸ ਨੇ ਕਿਹਾ, 'ਮੈਂ ਫਾਈਨਲ ਇਲੈਵਨ ਦਾ ਹਿੱਸਾ ਸੀ ਅਤੇ ਜੇਕਰ ਮੈਂ ਟੀਮ ਨੂੰ ਛੱਡਦਾ ਹਾਂ ਤਾਂ ਇਸ 'ਚ ਸਿਰਫ 10 ਖਿਡਾਰੀ ਹੀ ਰਹਿ ਜਾਣਗੇ। ਦੂਜੇ ਪਾਸੇ ਮੈਂ ਆਪਣੀ ਮਾਂ ਬਾਰੇ ਸੋਚ ਰਿਹਾ ਸੀ। ਮੈਂ ਆਪਣੀ ਮਾਂ ਕੋਲ ਜਾਣਾ ਚਾਹੁੰਦਾ ਸੀ' ਅਸ਼ਵਿਨ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਰੋਹਿਤ ਨੇ ਉਸ ਲਈ ਜੋ ਕੀਤਾ, ਉਹ ਕਲਪਨਾਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਰਾਜਕੋਟ ਹਵਾਈ ਅੱਡਾ ਸ਼ਾਮ 6 ਵਜੇ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੋਈ ਉਡਾਣ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਰੋਹਿਤ ਨੇ ਮੈਨੂੰ ਕਿਹਾ ਕਿ ਕੁਝ ਵੀ ਨਾ ਸੋਚੋ ਅਤੇ ਆਪਣੇ ਪਰਿਵਾਰ ਕੋਲ ਜਾਓ। ਉਹ ਮੇਰੇ ਲਈ ਚਾਰਟਰਡ ਫਲਾਈਟ ਦਾ ਪ੍ਰਬੰਧ ਕਰਨ ਵਿੱਚ ਰੁੱਝਿਆ ਹੋਇਆ ਸੀ।
ਅਸ਼ਵਿਨ ਨੇ ਚੇਤੇਸ਼ਵਰ ਪੁਜਾਰਾ ਦਾ ਵੀ ਧੰਨਵਾਦ ਕੀਤਾ ਜੋ ਅਹਿਮਦਾਬਾਦ ਤੋਂ ਰਾਜਕੋਟ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਚੇਨੱਈ ਪਹੁੰਚੇ। ਹਾਲਾਂਕਿ ਰੋਹਿਤ ਨੇ ਟੀਮ ਦੇ ਫਿਜ਼ੀਓ ਕਮਲੇਸ਼ ਜੈਨ ਨੂੰ ਵੀ ਅਸ਼ਵਿਨ ਦੇ ਨਾਲ ਚੇਨੱਈ ਜਾਣ ਲਈ ਕਿਹਾ, ਜਿਸ ਕਾਰਨ ਆਫ ਸਪਿਨਰ ਕਾਫੀ ਭਾਵੁਕ ਹੋ ਗਏ। ਉਸ ਨੇ ਕਿਹਾ, 'ਮੈਂ ਸੋਚ ਰਿਹਾ ਸੀ ਕਿ ਜੇਕਰ ਮੈਂ ਕਪਤਾਨ ਹੁੰਦਾ ਤਾਂ ਆਪਣੇ ਖਿਡਾਰੀ ਨੂੰ ਵੀ ਉਸ ਦੇ ਪਰਿਵਾਰ ਕੋਲ ਜਾਣ ਲਈ ਕਹਾਂਗਾ ਪਰ ਕੀ ਮੈਂ ਉਸ ਦੇ ਨਾਲ ਕਿਸੇ ਹੋਰ ਨੂੰ ਭੇਜਣ ਬਾਰੇ ਸੋਚਾਂਗਾ, ਮੈਨੂੰ ਨਹੀਂ ਪਤਾ। ਉਸ ਦਿਨ ਮੈਂ ਰੋਹਿਤ ਵਿੱਚ ਇੱਕ ਅਸਾਧਾਰਨ ਕਪਤਾਨ ਦੇਖਿਆ।