ਪਣਜੀ— ਗੋਆ ਪੁਲਿਸ ਨੇ ਸ਼ਨੀਵਾਰ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਦੀਪਕ ਸ਼ਰਮਾ ਨੂੰ ਦੋ ਮਹਿਲਾ ਖਿਡਾਰੀਆਂ ਨਾਲ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਮਹਿਲਾ ਫੁਟਬਾਲ ਲੀਗ (ਆਈਡਬਲਯੂਐਲ) ਦੇ ਦੂਜੇ ਭਾਗ ਵਿੱਚ ਹਿੱਸਾ ਲੈਣ ਆਈਆਂ ਹਿਮਾਚਲ ਪ੍ਰਦੇਸ਼ ਦੇ ਖੱਡ ਐਫਸੀ ਦੀਆਂ ਦੋ ਫੁਟਬਾਲ ਖਿਡਾਰਨਾਂ ਨੇ ਦੋਸ਼ ਲਾਇਆ ਕਿ ਕਲੱਬ ਦੇ ਮਾਲਕ ਸ਼ਰਮਾ ਨੇ 28 ਮਾਰਚ ਦੀ ਰਾਤ ਨੂੰ ਉਨ੍ਹਾਂ ਦੇ ਕਮਰੇ ਵਿੱਚ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਹੁਣ ਦੀਪਕ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਦੇ ਡਿਪਟੀ ਸੁਪਰਡੈਂਟ ਸੰਦੇਸ਼ ਚੋਡਨਕਰ ਨੇ ਪੀਟੀਆਈ ਨੂੰ ਦੱਸਿਆ, 'ਏਆਈਐਫਐਫ ਕਾਰਜਕਾਰੀ ਕਮੇਟੀ ਦੇ ਮੈਂਬਰ ਦੀਪਕ ਸ਼ਰਮਾ ਨੂੰ ਰਸਮੀ ਸ਼ਿਕਾਇਤ ਮਿਲਣ ਤੋਂ ਬਾਅਦ ਦਿਨ ਵੇਲੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਮਾਪੁਸਾ ਪੁਲਿਸ ਨੇ ਉਸ ਨੂੰ ਵੱਖ-ਵੱਖ ਧਾਰਾਵਾਂ ਤਹਿਤ ਔਰਤਾਂ ਨੂੰ ਸੱਟ ਪਹੁੰਚਾਉਣ ਅਤੇ ਜ਼ਬਰਦਸਤੀ ਵਰਤਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦੇ ਡਿਪਟੀ ਸੁਪਰਡੈਂਟ ਸੰਦੇਸ਼ ਚੋਡਨਕਰ ਨੇ ਅੱਗੇ ਕਿਹਾ, 'ਉਹ ਰਾਤ ਭਰ ਹਿਰਾਸਤ ਵਿੱਚ ਰਹੇਗਾ ਅਤੇ ਐਤਵਾਰ ਨੂੰ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।'
ਗੋਆ ਫੁਟਬਾਲ ਐਸੋਸੀਏਸ਼ਨ (ਜੀਐਫਏ) ਦੇ ਪ੍ਰਧਾਨ ਕੈਟਾਨੋ ਫਰਨਾਂਡੇਜ਼ ਨੇ ਪੀਟੀਆਈ ਨੂੰ ਦੱਸਿਆ ਕਿ ਐਸੋਸੀਏਸ਼ਨ ਨੇ ਮਾਪੁਸਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਵਿੱਚ ਦੋਵਾਂ ਖਿਡਾਰੀਆਂ ਦੀ ਮਦਦ ਕੀਤੀ। ਸ਼ਰਮਾ ਹਿਮਾਚਲ ਪ੍ਰਦੇਸ਼ ਫੁੱਟਬਾਲ ਸੰਘ ਦੇ ਜਨਰਲ ਸਕੱਤਰ ਵੀ ਹਨ।