ਚੰਡੀਗੜ੍ਹ: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਇੱਕ ਹਿੰਦੂ ਮੰਦਿਰ ਅਤੇ ਉੱਥੇ ਮੌਜੂਦ ਹਿੰਦੂ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਸਬੰਧੀ ਹਿੰਦੂ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਖਾਲਿਸਤਾਨੀਆਂ ਦੇ ਹੱਥਾਂ ਵਿੱਚ ਝੰਡੇ ਦਿਖਾਈ ਦਿੱਤੇ ਸਨ। ਉਹ ਹਿੰਦੂ ਭਾਈਚਾਰੇ ਦੇ ਲੋਕਾਂ ਉੱਤੇ ਲਾਠੀਆਂ ਨਾਲ ਹਮਲਾ ਕਰਦੇ ਵੀ ਦੇਖੇ ਗਏ ਸਨ।
ਇਸ ਤੋਂ ਬਾਅਦ ਮਾਮਲਾ ਗਰਮਾ ਗਿਆ ਅਤੇ ਹਰ ਤਰ੍ਹਾਂ ਦੀ ਸਿਆਸੀ ਪ੍ਰਤੀਕਰਮ ਇਸ ਮਾਮਲੇ ਨੂੰ ਲੈਕੇ ਸਾਹਮਣੇ ਆ ਰਹੇ ਹਨ। ਅੱਜ ਮੁੱਖ ਮੰਤਰੀ ਪੰਜਾਬ ਨੇ ਵੀ ਇਸ ਮਾਮਲੇ ਉੱਤੇ ਆਪਣੀ ਚੁੱਪੀ ਤੋੜੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਦੌਰਾਨ ਇੱਕ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਆਖਿਆ ਕਿ,' ਕੈਨੇਡਾ ਵਿੱਚ ਬੀਤੇ ਦਿਨੀ ਜੋ ਵਾਪਰਿਆ ਉਹ ਅੱਤ ਨਿੰਦਣਯੋਗ ਹੈ,ਕੈਨੇਡਾ ਨੂੰ ਪੰਜਾਬੀਆਂ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ। ਸਰੀ ਅਤੇ ਟਰਾਂਟੋ ਵਿੱਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ,ਕੋਈ ਵੀ ਹਿੰਸਕ ਘਟਨਾਵਾਂ ਕੈਨੇਡਾ ਵਿੱਚ ਨਹੀਂ ਚਾਹੁੰਦਾ,ਮੈ ਮੰਗ ਕਰਦਾ ਹਾਂ ਕਿ ਭਾਰਤ ਸਰਕਾਰ ਕੈਨੇਡਾ ਸਰਕਾਰ ਨਾਲ ਗੱਲ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਉੱਤੇ ਸਖ਼ਤ ਕਾਰਵਾਈ ਕਰਨ ਲਈ ਆਖੇ,'।
ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ, “ਪੰਜਾਬੀ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਅਮਨ-ਸ਼ਾਂਤੀ ਦੇ ਮੁਦੱਈ ਹਨ, ਜਿਸ ਕਾਰਨ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪਿਆਰ ਅਤੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।” ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਗੁਣਾਂ ਨਾਲ ਪੂਰੀ ਦੁਨੀਆਂ ਵਿੱਚ ਆਪਣਾ ਵੱਖਰੀ ਪਛਾਣ ਕਾਇਮ ਕੀਤੀ ਹੈ। ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਸਹਿਣੀ ਪੈਂਦੀ ਹੈ, ਜਿਸ ਕਰਕੇ ਇਸ ਤੋਂ ਬਚਣਾ ਚਾਹੀਦਾ ਹੈ। ਕੈਨੇਡੀਅਨ ਸਰਕਾਰ ਨੂੰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਸਬਕ ਮਿਲ ਸਕੇ,'।
ਕੈਨੇਡਾ 'ਚ ਹਿੰਦੂ ਭਾਈਚਾਰੇ ਦਾ ਪ੍ਰਦਰਸ਼ਨ
ਦੱਸ ਦਈਏ ਹਿੰਦੂ ਮੰਦਿਰਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਹਜ਼ਾਰਾਂ ਕੈਨੇਡੀਅਨ ਹਿੰਦੂਆਂ ਨੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕਜੁੱਟਤਾ ਰੈਲੀ ਕੱਢੀ। ਇਸ ਸਮੇਂ ਦੌਰਾਨ ਲੋਕਾਂ ਨੇ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਦਬਾਅ ਪਾਇਆ ਕਿ ਉਹ ਖਾਲਿਸਤਾਨੀਆਂ ਦਾ ਸਮਰਥਨ ਨਾ ਕਰਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਾਰਤੀ ਡਿਪਲੋਮੈਟਾਂ ਨੂੰ ਡਰਾਉਣ ਦੀ ਇਹ ਕਾਇਰਤਾ ਭਰੀ ਕੋਸ਼ਿਸ਼ ਭਿਆਨਕ ਹੈ। ਭਾਰਤ ਨੂੰ ਉਮੀਦ ਹੈ ਕਿ ਕੈਨੇਡੀਅਨ ਅਧਿਕਾਰੀ ਨਿਆਂ ਯਕੀਨੀ ਬਣਾਉਣਗੇ ਅਤੇ ਕਾਨੂੰਨ ਦਾ ਰਾਜ ਕਾਇਮ ਰੱਖਣਗੇ।