ਗਲਤ ਜੀਵਨਸ਼ੈਲੀ, ਬਦਲਦੇ ਮੌਸਮ ਅਤੇ ਖੁਰਾਕ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਸਰਦੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਅਕਸਰ ਕੁਝ ਲੋਕਾਂ ਨੂੰ ਪੈਦਲ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਲੈਣ ਵਿੱਚ ਦਿੱਕਤ ਆਉਣ ਲੱਗਦੀ ਹੈ। ਇਸ ਲਈ ਕਈ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਆਖਿਰ ਪੈਦਲ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਕਿਉਂ ਫੁੱਲਦਾ ਹੈ? ਇਸ ਸਬੰਧੀ ਡਾਕਟਰ ਮਿਨਰਾਲ ਬਾਂਸਲ ਨੇ ਜਾਣਕਾਰੀ ਦਿੱਤੀ ਹੈ।
ਪੈਦਲ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਣ ਦੇ ਕਾਰਨ
ਇਸ ਸਬੰਧੀ ਅਸੀਂ ਸਰਕਾਰੀ ਹਸਪਤਾਲ ਦੇ ਐਮਡੀ ਮੈਡੀਸਨ ਡਾਕਟਰ ਮਿਨਰਾਲ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੈਦਲ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹਨ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿੱਚੋਂ ਇੱਕ ਕਾਰਨ ਤੇਜ਼ੀ ਨਾਲ ਪੌੜੀਆਂ ਚੜ੍ਹਨਾ ਜਾਂ ਪੈਦਲ ਤੁਰਨਾ ਵੀ ਹੋ ਸਕਦਾ ਹੈ। ਜੇਕਰ ਤੁਸੀਂ ਤੇਜ਼ ਤੁਰ ਰਹੇ ਹੋ ਤਾਂ ਸਾਹ ਚੜ੍ਹਨਾ ਨਾਰਮਲ ਗੱਲ ਹੈ। ਪਰ ਜੇਕਰ ਤੁਸੀਂ ਆਰਾਮ ਨਾਲ ਚੱਲ ਰਹੇ ਹੋ ਅਤੇ ਫਿਰ ਵੀ ਸਾਹ ਚੜ੍ਹ ਰਿਹਾ ਹੈ ਤਾਂ ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਬਲੱਡ ਪ੍ਰੈਸ਼ਰ ਦੀ ਸਮੱਸਿਆ
- ਦਿਲ ਦੇ ਰੋਗ ਜਿਵੇਂ ਕਿ ਹਾਰਟ ਅਟੈਕ ਹੋ ਸਕਦਾ ਹੈ ਅਤੇ ਦਿਲ ਦੀਆਂ ਨਾੜੀਆਂ ਕੰਮਜ਼ੋਰ ਹੋ ਸਕਦੀਆਂ ਹਨ।
- ਗੁਰਦਿਆਂ ਦਾ ਕਮਜ਼ੋਰ ਹੋਣਾ
- ਫੇਫੜਿਆਂ ਦੀ ਸਮੱਸਿਆ ਜਿਵੇਂ ਕਿ ਨਮੋਨੀਆ, ਟੀਵੀ, ਇਨਫੈਕਸ਼ਨ ਜਾਂ ਦਮਾਂ ਹੋ ਸਕਦਾ ਹੈ।
- ਸਿਗਰਟ ਅਤੇ ਬੀੜੀ ਦੀ ਵਰਤੋਂ ਕਾਰਨ ਫੇਫੜੇ ਘੱਟ ਕੰਮ ਕਰਦੇ ਹਨ। ਇਸ ਕਾਰਨ ਵੀ ਪੈਦਲ ਤੁਰਨ ਅਤੇ ਪੌੜੀਆਂ ਚੜ੍ਹਦੇ ਸਮੇਂ ਸਮੱਸਿਆ ਹੋਣ ਲੱਗਦੀ ਹੈ।
- ਔਰਤਾਂ ਅਤੇ ਬੱਚਿਆਂ ਵਿੱਚ ਸਾਹ ਚੜ੍ਹਨ ਦੀ ਦਿੱਕਤ ਖੂਨ ਦੇ ਘੱਟ ਹੋਣ ਕਾਰਨ ਹੁੰਦੀ ਹੈ। ਇਸ ਲਈ ਖੂਨ ਦੀ ਕਮੀ ਵੀ ਸਾਹ ਫੁੱਲਣ ਦੀ ਸਮੱਸਿਆ ਲਈ ਜ਼ਿੰਮੇਵਾਰ ਕਾਰਨ ਹੈ।
ਜੇਕਰ ਤੁਹਾਨੂੰ ਪੌੜੀਆਂ ਅਤੇ ਪੈਦਲ ਤੁਰਦੇ ਸਮੇਂ ਸਾਹ ਫੁੱਲਣ ਦੀ ਸਮੱਸਿਆਵਾਂ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਬਲੱਡ ਪ੍ਰੈਸ਼ਰ, ਦਿਲ ਅਤੇ ਫੇਫੜਿਆਂ ਦੀ ਬਿਮਾਰੀ ਹੈ ਤਾਂ ਉਸ ਬਾਰੇ ਵੀ ਡਾਕਟਰ ਤੋਂ ਸਲਾਹ ਲਓ।
ਸਾਹ ਚੜ੍ਹਨ 'ਤੇ ਕੀ ਕਰਨਾ ਹੈ?
ਜੇਕਰ ਜਾਂਚ ਤੋਂ ਬਾਅਦ ਤੁਸੀਂ ਉੱਪਰ ਦੱਸੀ ਕਿਸੇ ਵੀ ਸਮੱਸਿਆ ਤੋਂ ਪ੍ਰਭਾਵਿਤ ਹੋ ਤਾਂ ਤੁਹਾਨੂੰ ਹੇਠਾਂ ਦੱਸੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ:-
- ਲੂਣ, ਮਿੱਠਾ, ਅਚਾਰ ਅਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰਕੇ ਸਲਾਦ ਫਰੂਟ ਅਤੇ ਲੱਸੀ ਵਿੱਚ ਲੂਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਬੀਪੀ ਅਤੇ ਸ਼ੂਗਰ ਵਧਣ ਦਾ ਖਤਰਾ ਰਹਿੰਦਾ ਹੈ।
- ਖੰਘ ਹੋ ਰਹੀ ਹੈ ਜਾਂ ਦਮੇ ਦੀ ਸਮੱਸਿਆ ਹੈ ਤਾਂ ਦਵਾਈ ਲਓ।
- ਠੰਢ ਦੇ ਦਿਨਾਂ ਵਿੱਚ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
- ਘਰ ਦੇ ਅੰਦਰ ਹੀ ਰਹਿ ਕੇ ਕਸਰਤ ਕਰਨੀ ਚਾਹੀਦੀ ਹੈ। ਯੋਗਾ ਕਰਕੇ ਖੁਦ ਨੂੰ ਤੁਸੀਂ ਸਿਹਤਮੰਦ ਰੱਖ ਸਕਦੇ ਹੋ।
- ਮਲਾਈ, ਘਿਓ, ਫਰਾਈਡ ਚੀਜ਼ਾਂ ਸੀਮਿਤ ਮਾਤਰਾ 'ਚ ਖਾ ਸਕਦੇ ਹੋ ਪਰ ਜ਼ਿਆਦਾ ਨਾ ਖਾਓ।
- ਜਿਨ੍ਹਾਂ ਵਿਅਕਤੀਆਂ ਦੀ ਹਾਰਟ, ਬੀਪੀ ਅਤੇ ਫੇਫੜਿਆਂ ਨੂੰ ਲੈ ਕੇ ਦਵਾਈ ਚਲਦੀ ਹੈ, ਉਨ੍ਹਾਂ ਨੂੰ ਆਪਣੀ ਰੈਗੂਲਰ ਦਵਾਈ ਲੈਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੋਂ ਬਚਿਆ ਜਾ ਸਕੇ।
- ਸੇਬ, ਅਨਾਰ, ਹਰੀਆਂ ਸਬਜ਼ੀਆਂ ਖਾਓ।
- ਰੋਜ਼ਾਨਾ ਸੈਰ ਕਰੋ।
ਇਹ ਵੀ ਪੜ੍ਹੋ:-