ਦਿੱਲੀ/ਚੰਡੀਗੜ੍ਹ: ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਖਾਲਿਸਤਾਨੀ ਸਮਰਥਕਾਂ ਵੱਲੋਂ ਮੰਦਿਰ ਦੇ ਬਾਹਰ ਕੀਤੀ ਗਈ ਹੁਲੱੜ੍ਹਬਾਜ਼ੀ ਤੋਂ ਬਾਅਦ ਹੁਣ ਟਰੂਡੋ ਸਰਕਾਰ ਭਾਰਤ ਵਿੱਚ ਵੀ ਨਿਸ਼ਾਨੇ 'ਤੇ ਆ ਗਈ ਹੈ। ਕੈਨੇਡਾ ਦੀ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਘਟਨਾਕ੍ਰਮ ਪਿੱਛੇ ਸਾਫ ਹੈ ਕਿ ਟਰੂਡੋ ਸਰਕਾਰ ਦੀ ਮਿਲੀ ਭੁਗਤ ਨਾਲ ਹੋਇਆ ਹੈ।
ਮਿਲੀ ਭੁਗਤ ਦਾ ਨਤੀਜਾ ਖਾਲਿਸਤਾਨੀ ਹਮਲਾ
ਬਿੱਟੂ ਨੇ ਕਿਹਾ ਕਿ ਕੈਨੇਡਾ 'ਚ ਜੋ ਹਾਲਤ ਹਨ ਉਹ ਬਹੁਤ ਮੰਦਭਾਗੇ ਹੋ ਗਏ ਹਨ। ਇਹ ਹਿੰਦੂ ਪੰਜਾਬੀ ਅਤੇ ਧਰਮ ਨਾਲ ਸਬੰਧਤ ਨਹੀਂ ਹੈ। ਇਹ ਸਭ ਲਈ ਟਰੂਡੋ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਹਿੰਦੂ ਮੰਦਿਰਾਂ ਅੱਗੇ ਇਹ ਸਭ ਹੋਣਾ, ਸੋਚੀ ਸਮਝੀ ਸਾਜਿਸ਼ ਹੈ। ਪੰਜਾਬੀਆਂ ਨੂੰ ਅਤੇ ਹਿੰਦੂਆਂ ਨੂੰ ਵੱਖ ਕੀਤਾ ਗਿਆ ਹੈ ਅਤੇ ਖਾਲਿਸਤਾਨੀਆਂ ਨੂੰ ਸ਼ਹਿ ਦਿੱਤੀ ਗਈ ਹੈ ਤਾਂ ਜੋ ਹਿੰਦੋਸਤਾਨ ਦੇ ਲੋਕ ਖ਼ਾਸ ਕਰਕੇ ਹਿੰਦੂ ਪਰਿਵਾਰ ਕੈਨੇਡਾ ਨਾ ਜਾ ਸਕੇ।
ਬਿੱਟੂ ਨੇ ਕਿਹਾ ਕਿ ਮੰਦਿਰ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਹਮਲਾ ਕਰਨਾ ਅਤੇ ਪੁਲਿਸ ਦਾ ਐਕਸ਼ਨ ਨਾ ਲੈਣਾ, ਖਾਲਿਸਤਾਨੀਆਂ ਦੇ ਪੱਖ ਵਿੱਚ ਖੜੇ ਹੋਣਾ ਸਾਫ ਦਰਸਾਉਂਦਾ ਹੈ ਕਿ ਸਰਕਾਰ ਦੀ ਸ਼ਹਿ ਨਾਲ ਹੋ ਸਭ ਕੁੱਝ ਹੋ ਰਿਹਾ ਹੈ। ਇਥੇ ਬਿੱਟੂ ਨੇ ਇਹ ਵੀ ਕਿਹਾ ਕਿ ਕੁਝ ਖਰੀਦੇ ਹੋਏ ਬਦਮਾਸ਼ਾਂ ਨੂੰ ਜਾਣਬੁਝ ਕੇ ਉੱਥੇ ਖੜ੍ਹਾ ਕੀਤਾ ਅਤੇ ਉਕਸਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕਰਾਂਗੇ ਕਿ ਲੋਕਾਂ ਨੂੰ ਇੰਝ ਤੰਗ ਪ੍ਰੇਸ਼ਾਨ ਕੀਤਾ ਜਾਵੇ। ਅਸੀਂ ਸਖਤੀ ਨਾਲ ਕੈਨੇਡਾ ਸਰਕਾਰ ਖਿਲਾਫ ਕਾਰਵਾਈ ਦੀ ਮੰਗ ਕਰਾਂਗੇ। ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਤੰਗ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਖਾਲਿਸਤਾਨੀਆਂ ਨੇ ਇੱਕ ਹਿੰਦੂ ਮੰਦਿਰ ਅਤੇ ਉੱਥੇ ਮੌਜੂਦ ਸ਼ਰਧਾਲੂਆਂ 'ਤੇ ਹਮਲਾ ਕੀਤਾ। ਇਸ ਹਮਲੇ ਸਬੰਧੀ ਹਿੰਦੂ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਖਾਲਿਸਤਾਨੀਆਂ ਦੇ ਹੱਥਾਂ ਵਿੱਚ ਪੀਲੇ ਝੰਡੇ ਦਿਖਾਈ ਦੇ ਰਹੇ ਹਨ। ਉਹ ਸ਼ਰਧਾਲੂਆਂ 'ਤੇ ਲਾਠੀਆਂ ਨਾਲ ਹਮਲਾ ਕਰਦੇ ਵੀ ਦੇਖੇ ਗਏ। ਇਸ ਹਮਲੇ ਨੂੰ ਲੈ ਕੇ ਹੁਣ ਹੰਗਾਮਾ ਹੋ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਿਰ 'ਤੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਧਾਰਮਿਕ ਆਜ਼ਾਦੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਆਪਣੇ ਧਰਮ ਦੀ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਨਿਭਾਉਣ ਦਾ ਅਧਿਕਾਰ ਹੈ।