ਹੈਦਰਾਬਾਦ: ਫਰਵਰੀ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਨੂੰ ਪਿਆਰ ਕਰਨ ਵਾਲਿਆ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਹਰ ਸਾਲ ਦੁਨੀਆਂ ਭਰ 'ਚ 14 ਫਰਵਰੀ ਦੇ ਦਿਨ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ। 7 ਫਰਵਰੀ ਤੋਂ ਵੈਲੇਨਟਾਈਨ ਹਫ਼ਤੇ ਦੀ ਸ਼ੁਰੂਆਤ ਹੋ ਕੇ 14 ਫਰਵਰੀ ਨੂੰ ਵੈਲੇਨਟਾਈਨ ਡੇ ਦੇ ਨਾਲ ਖਤਮ ਹੁੰਦੀ ਹੈ। ਵੈਲੇਨਟਾਈਨ ਡੇ ਵਾਲੇ ਦਿਨ ਲੋਕ ਆਪਣੇ ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਕਈ ਤਰ੍ਹਾਂ ਦੇ ਤੌਹਫ਼ੇ ਦਿੰਦੇ ਅਤੇ ਘੁੰਮਣ ਜਾਂਦੇ ਹਨ। ਪਰ ਲੋਕ ਇਹ ਨਹੀਂ ਜਾਣਦੇ ਕਿ ਵੈਲੇਨਟਾਈਨ ਡੇ ਕਿਉ ਮਨਾਇਆ ਜਾਂਦਾ ਹੈ।
ਵੈਲੇਨਟਾਈਨ ਡੇ ਦਾ ਇਤਿਹਾਸ: ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਰੋਮ ਦੇ ਰਾਜਾ ਕਲੌਡੀਅਸ ਦੇ ਸਮੇਂ 'ਚ ਹੋਈ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਰੋਮ 'ਚ ਇੱਕ ਪਾਦਰੀ ਸੀ, ਜਿਨ੍ਹਾਂ ਦਾ ਨਾਮ ਸੇਂਟ ਵੈਲੇਨਟਾਈਨ ਸੀ। ਵੈਲੇਨਟਾਈਨ ਡੇ ਉਨ੍ਹਾਂ ਦੇ ਪਿਆਰ ਅਤੇ ਕੁਰਬਾਨੀ ਨੂੰ ਸਮਰਪਿਤ ਹੈ। ਦਰਅਸਲ, ਰਾਜਾ ਕਲੌਡੀਅਸ ਦਾ ਮੰਨਣਾ ਸੀ ਕਿ ਪਿਆਰ ਅਤੇ ਵਿਆਹ ਮਰਦਾਂ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਆਪਣੀ ਇਸ ਸੋਚ ਕਰਕੇ ਉਨ੍ਹਾਂ ਨੇ ਆਪਣੇ ਰਾਜ 'ਚ ਆਦੇਸ਼ ਦੇ ਦਿੱਤਾ ਕਿ ਰਾਜ ਦੇ ਸਾਰੇ ਅਧਿਕਾਰੀ ਅਤੇ ਸੈਨਿਕ ਵਿਆਹ ਨਹੀਂ ਕਰ ਸਕਦੇ, ਪਰ ਇਸਦੇ ਉਲਟ ਸੇਂਟ ਵੈਲੇਨਟਾਈਨ ਹਮੇਸ਼ਾ ਤੋਂ ਹੀ ਦੁਨੀਆ 'ਚ ਪਿਆਰ ਨੂੰ ਵਧਾਉਣ ਦੀ ਗੱਲ ਕਹਿੰਦੇ ਸੀ। ਜਦੋ ਸੇਂਟ ਵੈਲੇਨਟਾਈਨ ਨੂੰ ਰਾਜਾ ਦੇ ਇਸ ਆਦੇਸ਼ ਬਾਰੇ ਜਾਣਕਾਰੀ ਮਿਲੀ, ਤਾਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ। ਉਨ੍ਹਾਂ ਨੇ ਕਈ ਅਧਿਕਾਰੀਆਂ ਅਤੇ ਸੈਨਿਕਾਂ ਦਾ ਵਿਆਹ ਕਰਵਾ ਦਿੱਤਾ। ਜਦੋ ਰਾਜਾ ਨੂੰ ਇਸ ਗੱਲ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ 14 ਫਰਵਰੀ ਦੇ ਦਿਨ ਸੇਂਟ ਵੈਲੇਨਟਾਈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ। ਸੇਂਟ ਵੈਲੇਨਟਾਈਨ ਦੇ ਦਿਹਾਂਤ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਇੱਜ਼ਤ ਦਿੱਤੀ ਅਤੇ ਉਨ੍ਹਾਂ ਦੀ ਯਾਦ 'ਚ ਵੈਲੇਨਟਾਈਨ ਡੇ ਮਨਾਉਣ ਦਾ ਫੈਸਲਾ ਕੀਤਾ।
ਕਦੋ ਹੋਈ ਵੈਲੇਨਟਾਈਨ ਡੇ ਦੀ ਸ਼ੁਰੂਆਤ?: ਵੈਲੇਨਟਾਈਨ ਡੇ ਮਨਾਉਣ ਦੀ ਸ਼ੁਰੂਆਤ ਰੋਮਨ ਫੈਸਟੀਵਲ ਤੋਂ ਹੋਈ। ਦੁਨੀਆਂ 'ਚ ਪਹਿਲੀ ਵਾਰ 496 'ਚ ਵੈਲੇਨਟਾਈਨ ਡੇ ਮਨਾਇਆ ਗਿਆ ਸੀ, ਜਿਸ ਤੋਂ ਬਾਅਦ ਪੰਜਵੀਂ ਸਦੀ ਵਿੱਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਤੋਂ ਹੀ ਰੋਮ ਸਮੇਤ ਪੂਰੀ ਦੁਨੀਆ ਵਿੱਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਣ ਲੱਗਾ।