ਹੈਦਰਾਬਾਦ: ਨੌਜਵਾਨਾਂ ਵਿੱਚ ਗੁਟਖਾ, ਪਾਨ ਮਸਾਲਾ ਦੀ ਲਤ ਵਧਦੀ ਜਾ ਰਹੀ ਹੈ। ਇਸ ਦਾ ਸ਼ਿਕਾਰ ਜ਼ਿਆਦਾਤਰ ਨੌਜਵਾਨ ਹੁੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਲੋਕ ਸੌਣ ਵੇਲੇ ਗੁਟਖਾ ਲਗਾਉਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਹੀ ਦਿਨਾਂ ਦੌਰਾਨ ਮੂੰਹ ਵਿੱਚ ਜ਼ਖ਼ਮ ਹੋ ਸਕਦਾ ਹੈ ਅਤੇ ਉਹ ਹਿੱਸਾ ਕੈਂਸਰ ਵਿੱਚ ਬਦਲ ਸਕਦਾ ਹੈ।
ਤੰਬਾਕੂ ਬਣ ਸਕਦੈ ਕੈਂਸਰ ਦਾ ਕਾਰਨ: ਤੰਬਾਕੂ ਉਤਪਾਦਾਂ ਨੂੰ ਸਿਰ, ਗਰਦਨ ਅਤੇ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ, ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲੇ ਵੀ ਵੱਧ ਰਹੇ ਹਨ। ਬਦਲਦੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ, ਦੇਰ ਨਾਲ ਵਿਆਹ, ਜ਼ਿਆਦਾ ਭਾਰ ਆਦਿ ਇਸ ਦੇ ਕਾਰਨ ਹਨ। ਪਿਛਲੇ ਚਾਰ ਸਾਲਾਂ ਵਿੱਚ MNJ ਵਿੱਚ ਸਰਵਾਈਕਲ ਕੈਂਸਰ ਦੇ ਪੰਜ ਹਜ਼ਾਰ ਕੇਸ ਸਾਹਮਣੇ ਆਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 30-35 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਸਾਲ ਵਿੱਚ ਇੱਕ ਵਾਰ ਮੈਮੋਗ੍ਰਾਫੀ ਅਤੇ ਪੈਪ ਸਮੀਅਰ ਕਰਵਾਉਣ, ਤਾਂ ਇਨ੍ਹਾਂ ਦੋਵਾਂ ਕੈਂਸਰਾਂ ਤੋਂ ਬਚਿਆ ਜਾ ਸਕਦਾ ਹੈ।
ਕੈਂਸਰ ਦੇ 13 ਹਜ਼ਾਰ ਨਵੇਂ ਕੇਸ: ਹਰ ਸਾਲ ਐਮਐਨਜੇ ਵਿੱਚ ਕੈਂਸਰ ਦੇ 13 ਹਜ਼ਾਰ ਨਵੇਂ ਕੇਸ ਸਾਹਮਣੇ ਆਉਂਦੇ ਹਨ। ਜਿੱਥੇ ਡੇਢ ਲੱਖ ਲੋਕ ਟੈਸਟ ਲਈ ਆ ਰਹੇ ਹਨ। ਤੰਬਾਕੂ ਜ਼ਿਆਦਾਤਰ ਮੂੰਹ ਦੇ ਕੈਂਸਰ ਦਾ ਕਾਰਨ ਬਣਦਾ ਹੈ। 60 ਫੀਸਦੀ ਕੈਂਸਰ ਸਾਡੀਆਂ ਆਦਤਾਂ ਕਾਰਨ ਹੁੰਦਾ ਹੈ। ਲੋਕਾਂ ਨੂੰ ਜ਼ਿਆਦਾ ਲੂਣ, ਵਾਰ-ਵਾਰ ਤਲਿਆ ਭੋਜਨ, ਜੰਕ ਫੂਡ, ਸਿਗਰਟਨੋਸ਼ੀ, ਸ਼ਰਾਬ, ਗੁਟਖਾ, ਖੈਨੀ, ਚਬਾਉਣ ਵਾਲਾ ਪਾਨ ਮਸਾਲਾ ਵਰਗੀਆਂ ਆਦਤਾਂ ਤੋਂ ਬਚਣਾ ਚਾਹੀਦਾ ਹੈ।
ਐਮਐਨਜੇ ਹਸਪਤਾਲ ਦੇ ਡਾਇਰੈਕਟਰ ਡਾ: ਸ੍ਰੀਨਿਵਾਸ ਮੱਤਾ ਦਾ ਕਹਿਣਾ ਹੈ ਕਿ ਸਾਡੀਆਂ ਆਦਤਾਂ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ।
ਬਿਮਾਰੀਆਂ ਤੋਂ ਕਿਵੇਂ ਬਚੀਏ: ਬਿਮਾਰੀਆਂ ਤੋਂ ਬਚਣ ਲਈ ਭਾਰ ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ। ਲਾਲ ਮੀਟ ਦੀ ਬਜਾਏ ਚਿਕਨ, ਮੱਛੀ ਅਤੇ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਡਾਈਟ 'ਚ ਫਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਿਲ ਕਰੋ, ਤਾਂ ਬਿਹਤਰ ਹੈ। ਇਸਦੇ ਨਾਲ ਹੀ, ਨਿਯਮਤ ਕਸਰਤ ਲਈ ਇੱਕ ਘੰਟਾ ਵੀ ਕੱਢ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਭੁੱਖ ਨਾ ਲੱਗਣਾ, ਭਾਰ ਘਟਣਾ, ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖੰਘ, ਨਿਗਲਣ ਵਿੱਚ ਦਿੱਕਤ, ਟੱਟੀ ਅਤੇ ਪਿਸ਼ਾਬ ਵਿੱਚ ਖ਼ੂਨ, ਸਰੀਰ 'ਤੇ ਗੰਢਾਂ ਵਰਗੇ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਇਹ ਵੀ ਪੜ੍ਹੋ:-