ਬਠਿੰਡਾ: ਪਰਾਲੀ ਦੇ ਧੂੰਏ ਅਤੇ ਵਾਤਾਵਰਨ ਵਿੱਚ ਆਈ ਤਬਦੀਲੀ ਕਾਰਨ ਜਿੱਥੇ ਆਵਾਜਾਈ ਵਿੱਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਪਰਾਲੀ ਦੇ ਧੂੰਏ ਕਾਰਨ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਪਰਾਲੀ ਦਾ ਧੂੰਆਂ ਬੱਚਿਆਂ ਅਤੇ ਬਜ਼ੁਰਗਾਂ 'ਤੇ ਜਿਆਦਾ ਅਸਰ ਕਰ ਰਿਹਾ ਹੈ।
ਬੱਚਿਆਂ ਨੂੰ ਪਰਾਲੀ ਦੇ ਧੂੰਏ ਕਾਰਨ ਹੋ ਰਹੀ ਜ਼ਿਆਦਾ ਮੁਸ਼ਕਿਲ
ਮਾਹਿਰ ਡਾਕਟਰ ਰਵੀਕਾਂਤ ਗੁਪਤਾ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਪਰਾਲੀ ਦਾ ਧੂੰਆਂ ਵਿਅਕਤੀ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਇਹ ਬਿਮਾਰੀਆਂ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਸਗੋ ਬੱਚੇ ਅਤੇ ਨੌਜ਼ਵਾਨਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਕਰੀਬ ਦੋ ਹਫਤਿਆਂ ਤੋਂ ਪਰਾਲੀ ਦੇ ਧੂੰਏ ਕਾਰਨ ਬੱਚਿਆਂ ਦੀ ਬਿਮਾਰੀ ਵਿੱਚ 25% ਦਾ ਵਾਧਾ ਹੋਇਆ ਹੈ। ਬੱਚਿਆਂ ਨੂੰ ਗਲੇ, ਛਾਤੀ ਅਤੇ ਨੱਕ ਦੀਆਂ ਬਿਮਾਰੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਰਿਹਾ ਸਾਹਮਣਾ
ਪਿੰਡਾਂ ਵਿੱਚ ਪਰਾਲੀ ਦੇ ਧੂੰਏ ਕਾਰਨ ਸਭ ਤੋਂ ਜਿਆਦਾ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ ਅਤੇ ਹਸਪਤਾਲ ਦਵਾਈਆਂ ਲੈਣ ਪਹੁੰਚ ਰਹੇ ਹਨ, ਕਿਉਂਕਿ ਪਰਾਲੀ ਦੇ ਧੂੰਏ ਕਾਰਨ ਪੈਦਾ ਹੋਈਆਂ ਗੈਸਾਂ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਪਰਾਲੀ ਦੇ ਧੂੰਏ ਅਤੇ ਮੌਸਮ 'ਚ ਆਏ ਬਦਲਾਅ ਕਾਰਨ ਲੋਕਾਂ ਨੂੰ ਹੇਠ ਲਿਖਿਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ:-
- ਅੱਖਾਂ ਦੀ ਜਲਣ
- ਵਾਲਾਂ ਦਾ ਝੜਨਾ
- ਗਲੇ ਦੀ ਖਰਾਬੀ
- ਸਾਹ ਨਾਲ ਜੁੜੀਆਂ ਸਮੱਸਿਆਵਾਂ
ਬਚਾਅ ਲਈ ਤਰੀਕੇ
ਇਸ ਲਈ ਡਾਕਟਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਇਸ ਨਾਲ ਸਭ ਤੋਂ ਵੱਧ ਉਨ੍ਹਾਂ ਦੇ ਪਰਿਵਾਰ ਹੀ ਪ੍ਰਭਾਵਿਤ ਹੋ ਰਹੇ ਹਨ। ਇਸਦੇ ਨਾਲ ਹੀ, ਡਾਕਟਰ ਨੇ ਪਰਾਲੀ ਦੇ ਧੂੰਏ ਤੋਂ ਬਚਣ ਦੇ ਕੁਝ ਤਰੀਕੇ ਵੀ ਦੱਸੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਜਦੋਂ ਵੀ ਪਰਾਲੀ ਦਾ ਧੂੰਆਂ ਆਲੇ-ਦੁਆਲੇ ਨਜ਼ਰ ਆਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ।
- ਮੂੰਹ 'ਤੇ ਮਾਸਕ ਲਗਾਓ।
- ਅੱਖਾਂ 'ਤੇ ਐਣਕ ਦੀ ਵਰਤੋਂ ਕਰੋ।
- ਬਾਹਰ ਦੀਆਂ ਤਲੀਆਂ ਹੋਈਆਂ ਖਾਣ-ਪੀਣ ਵਾਲੀਆਂ ਚੀਜ਼ਾਂ ਘੱਟ ਖਾਓ।
- ਇਮਿਊਨਟੀ ਵਧਾਉਣ ਲਈ ਫਲ ਅਤੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ।
- ਪੀਣ ਵਾਲੇ ਪਦਾਰਥ ਜ਼ਿਆਦਾ ਪੀਓ।
- ਕੋਸ਼ਿਸ਼ ਕਰੋ ਕਿ ਦੋ ਪਹੀਆ ਵਾਲੇ ਵਾਹਨ 'ਤੇ ਸਫਰ ਨਾ ਕੀਤਾ ਜਾਵੇ ਸਗੋਂ ਚਾਰ ਪਹੀਆ ਵਾਹਨ ਦੀ ਵਰਤੋਂ ਕੀਤੀ ਜਾਵੇ।
- ਘਰ ਵਿੱਚ ਏਅਰ ਪਿਓਰੀਫਾਈ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਭਿਆਨਕ ਗੈਸ ਮਨੁੱਖੀ ਸਰੀਰ ਦੇ ਅੰਦਰ ਨਾ ਜਾ ਸਕੇ।
- ਜੇਕਰ ਸਮੱਸਿਆ ਵੱਧਦੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਰਾਏ ਜਰੂਰ ਲਓ, ਕਿਉਂਕਿ ਇਸ ਮੌਸਮ ਵਿੱਚ ਪਰਾਲੀ ਦੇ ਧੂੰਏ ਦੇ ਨਾਲ-ਨਾਲ ਠੰਡ ਵੀ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਹੈ।
ਇਹ ਵੀ ਪੜ੍ਹੋ:-