ਹੈਦਰਾਬਾਦ: ਗਲਤ ਖੁਰਾਕ ਕਰਕੇ ਕੋਲੈਸਟ੍ਰੋਲ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਕੋਲੈਸਟ੍ਰੋਲ ਦੀ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਜ਼ਿਆਦਾ ਚਰਬੀ ਵਾਲੀ ਖੁਰਾਕ, ਸਰੀਰ ਗਤੀਵਿਧੀ ਦੀ ਘਾਟ, ਸਿਗਰਟਨੋਸ਼ੀ ਅਤੇ ਸ਼ਰਾਬ ਆਦਿ ਸ਼ਾਮਲ ਹੈ। ਇਹ ਸਮੱਸਿਆ ਦਿਲ, ਸਟ੍ਰੋਕ, ਪੈਰੀਫਿਰਲ ਆਰਟਰੀ ਬਿਮਾਰੀ ਅਤੇ ਐਨਿਉਰਿਜ਼ਮ ਵਰਗੇ ਖਤਰੇ ਨੂੰ ਵਧਾਉਦੀ ਹੈ। ਇਸ ਲਈ ਮਾਹਿਰ ਕੋਲੈਸਟ੍ਰੋਲ ਪ੍ਰਤੀ ਸਾਵਧਾਨ ਰਹਿਣ ਦਾ ਸੁਝਾਅ ਦਿੰਦੇ ਹਨ। ਹਾਲਾਂਕਿ, ਮਾਹਿਰਾਂ ਦਾ ਸੁਝਾਅ ਹੈ ਕਿ ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਹੈ, ਤਾਂ ਕੁਝ ਸੰਕੇਤ ਦਿਖਾਈ ਦਿੰਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਸੰਕੇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੋਲੈਸਟ੍ਰੋਲ ਦੀ ਸਮੱਸਿਆ ਦੇ ਲੱਛਣ:
ਕੜਵੱਲ: ਪੈਰਾਂ ਵਿੱਚ ਕੜਵੱਲ ਉੱਚ ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਉੱਚ ਕੋਲੇਸਟ੍ਰੋਲ ਦੇ ਪੱਧਰ ਕਾਰਨ ਧਮਨੀਆਂ ਵਿੱਚ ਪਲੇਕ ਬਣ ਜਾਂਦੀ ਹੈ, ਜਿਸ ਨੂੰ ਐਥੀਰੋਸਕਲੇਰੋਸਿਸ ਕਿਹਾ ਜਾਂਦਾ ਹੈ। ਇਹ ਧਮਨੀਆਂ ਨੂੰ ਤੰਗ ਕਰਦੀ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਘਟਾਉਂਦੀ ਹੈ, ਜਿਸ ਕਰਕੇ ਲੱਤਾਂ ਅਤੇ ਪੈਰਾਂ ਵਿੱਚ ਖੂਨ ਦਾ ਪ੍ਰਵਾਹ ਘੱਟ ਹੋਣ ਕਾਰਨ ਪੈਰਾਂ ਦਾ ਸੁੰਨ ਹੋਣਾ, ਦਰਦ ਅਤੇ ਝਰਨਾਹਟ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
ਅੱਖਾਂ: ਉੱਚ ਕੋਲੇਸਟ੍ਰੋਲ ਨਾਲ ਅੱਖਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ। ਜ਼ਿਆਦਾ ਕੋਲੈਸਟ੍ਰੋਲ ਕਾਰਨ Xanthelasma ਨਾਂ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਸਮੱਸਿਆ ਦੌਰਾਨ ਪਲਕਾਂ ਵਿੱਚ ਪੀਲੀ ਚਰਬੀ ਜਮ੍ਹਾ ਹੋ ਜਾਂਦੀ ਹੈ। ਅੱਖਾਂ ਦੇ ਹੇਠਾਂ ਦੀ ਚਮੜੀ ਸੰਤਰੀ ਜਾਂ ਪੀਲੀ ਹੋ ਜਾਂਦੀ ਹੈ। ਜੇਕਰ ਪੀਲੇ, ਸੰਤਰੀ ਅਤੇ ਚਿੱਟੇ ਧੱਬੇ ਦਿਖਾਈ ਦੇਣ, ਤਾਂ ਇਸ ਨੂੰ ਡਾਕਟਰੀ ਭਾਸ਼ਾ ਵਿੱਚ ਆਰਕਸ ਸੇਨੀਲਿਸ ਕਿਹਾ ਜਾਂਦਾ ਹੈ। ਇਹ ਸਰੀਰ ਵਿੱਚ ਕੋਲੈਸਟ੍ਰੋਲ ਵੱਧਣ ਦੇ ਸੰਕੇਤ ਹਨ।
ਛਾਤੀ ਵਿੱਚ ਦਰਦ: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਅਕਸਰ ਛਾਤੀ ਵਿੱਚ ਦਰਦ ਹੁੰਦਾ ਹੈ, ਤਾਂ ਇਸਨੂੰ ਹਲਕੇ ਵਿੱਚ ਨਾ ਲਓ। ਇਸ ਨੂੰ ਉੱਚ ਕੋਲੇਸਟ੍ਰੋਲ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਹੀ ਸਮੇਂ 'ਤੇ ਡਾਕਟਰ ਨੂੰ ਨਹੀਂ ਮਿਲਦੇ, ਤਾਂ ਇਹ ਸਮੱਸਿਆ ਵੱਧ ਵੀ ਸਕਦੀ ਹੈ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਹ ਲੈਣ 'ਚ ਤਕਲੀਫ ਹੋਵੇ, ਤਾਂ ਇਹ ਵੀ ਹਾਈ-ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ।
ਥਕਾਵਟ: ਰੁਝੇਵਿਆਂ ਭਰੀ ਜ਼ਿੰਦਗੀ ਅਤੇ ਕੰਮ ਦੇ ਦਬਾਅ ਕਾਰਨ ਥਕਾਵਟ ਹੋਣਾ ਆਮ ਗੱਲ ਹੈ। ਹਾਲਾਂਕਿ, ਜੇਕਰ ਤੁਸੀਂ ਕਾਫ਼ੀ ਆਰਾਮ ਕਰਨ ਤੋਂ ਬਾਅਦ ਵੀ ਹਰ ਸਮੇਂ ਥਕਾਵਟ ਅਤੇ ਸੁਸਤ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬਦਹਜ਼ਮੀ: ਜਿਗਰ ਵਿੱਚ ਉੱਚ ਕੋਲੇਸਟ੍ਰੋਲ ਦਾ ਇਕੱਠਾ ਹੋਣਾ ਜਿਗਰ ਦੇ ਕੰਮ ਨੂੰ ਵਿਗਾੜਦਾ ਹੈ ਅਤੇ ਚਰਬੀ ਨੂੰ ਹਜ਼ਮ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪੇਟ ਫੁੱਲਣਾ, ਬਦਹਜ਼ਮੀ, ਦਰਦ ਅਤੇ ਅੰਤੜੀਆਂ ਵਿੱਚ ਸੋਜ ਵਰਗੇ ਲੱਛਣ ਨਜ਼ਰ ਆ ਸਕਦੇ ਹਨ।