ਹੈਦਰਾਬਾਦ: ਸ਼ੂਗਰ ਇੱਕ ਗੰਭੀਰ ਬੀਮਾਰੀ ਹੈ। ਇਹ ਬਿਮਾਰੀ ਦਿਮਾਗ ਸਮੇਤ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਖੋਜਕਾਰ ਲੰਬੇ ਸਮੇਂ ਤੋਂ ਗੱਲ ਕਰ ਰਹੇ ਹਨ ਕਿ ਕਿਵੇਂ ਸ਼ੂਗਰ ਦੀ ਬਿਮਾਰੀ ਡਿਮੈਂਸ਼ੀਆ ਦਾ ਕਾਰਨ ਬਣ ਸਕਦੀ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਸ ਗੱਲ ਦੀ ਕਾਫੀ ਹੱਦ ਤੱਕ ਪੁਸ਼ਟੀ ਹੋਈ ਹੈ। ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡਾਇਬਟੀਜ਼ ਟਾਈਪ-2 ਅਤੇ ਅਲਜ਼ਾਈਮਰ ਰੋਗ ਵਿੱਚ ਡੂੰਘਾ ਸਬੰਧ ਹੈ। ਜੇਕਰ ਤੁਹਾਨੂੰ ਛੋਟੀ ਉਮਰ ਵਿੱਚ ਡਾਇਬਟੀਜ਼ ਹੈ, ਤਾਂ ਤੁਹਾਡੇ ਅਲਜ਼ਾਈਮਰ ਰੋਗ ਤੋਂ ਪੀੜਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸ਼ੂਗਰ ਅਤੇ ਅਲਜ਼ਾਈਮਰ ਰੋਗ ਵਿਚਕਾਰ ਸਬੰਧ: ਇਸ ਬਾਰੇ ਇੱਕ ਅਧਿਐਨ ਕੀਤਾ ਗਿਆ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਅਲਜ਼ਾਈਮਰ ਦੇ 81 ਫੀਸਦੀ ਮਰੀਜ਼ਾਂ ਵਿੱਚ ਡਾਇਬਟੀਜ਼ ਟਾਈਪ-2 ਦੇ ਲੱਛਣ ਪਾਏ ਗਏ ਹਨ। ਟੈਕਸਾਸ ਏ.ਐਂਡ.ਐਮ ਯੂਨੀਵਰਸਿਟੀ ਵੱਲੋ ਕੀਤੀਆਂ ਗਈਆਂ ਸ਼ੁਰੂਆਤੀ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਸ਼ੂਗਰ ਅਤੇ ਅਲਜ਼ਾਈਮਰ ਰੋਗ ਵਿਚਕਾਰ ਸਬੰਧ ਅੰਤੜੀ ਵਿੱਚ ਪਾਏ ਜਾਣ ਵਾਲੇ ਇੱਕ ਪ੍ਰੋਟੀਨ ਕਾਰਨ ਹੈ। ਇਹ ਅਧਿਐਨ ਰਿਪੋਰਟ ਅਮਰੀਕਨ ਸੋਸਾਇਟੀ ਫਾਰ ਬਾਇਓਕੈਮਿਸਟਰੀ ਐਂਡ ਮੋਲੇਕਿਊਲਰ ਬਾਇਓਲੋਜੀ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਖੋਜਕਾਰਾਂ ਨੇ ਆਪਣੇ ਪ੍ਰਯੋਗਾਂ ਵਿੱਚ ਚੂਹਿਆਂ ਦੀ ਵਰਤੋਂ ਕਰਕੇ ਲਿੰਕ ਦੀ ਜਾਂਚ ਕੀਤੀ ਹੈ। ਹਾਲਾਂਕਿ, ਖੋਜਾਂ ਨੂੰ ਅਜੇ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਵਿਗਿਆਨੀਆਂ ਨੇ ਦੱਸਿਆ ਹੈ, "JAK-3 ਪ੍ਰੋਟੀਨ ਤੋਂ ਬਿਨਾਂ ਚੂਹਿਆਂ ਵਿੱਚ ਸੋਜਸ਼ ਦੇਖੀ ਗਈ ਹੈ। ਸੋਜ ਪਹਿਲਾਂ ਅੰਤੜੀਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਇਹ ਜਿਗਰ ਤੱਕ ਜਾਂਦੀ ਹੈ। ਜਿਗਰ ਤੋਂ ਬਾਅਦ ਇਹ ਦਿਮਾਗ ਵੱਲ ਜਾਂਦੀ ਹੈ, ਜਿਸ ਕਾਰਨ ਅਲਜ਼ਾਈਮਰ ਦੇ ਲੱਛਣ ਪੈਦਾ ਹੋਣ ਲੱਗਦੇ ਹਨ।"
ਹਾਲਾਂਕਿ, ਖੋਜਕਾਰਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਬਿਮਾਰੀ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ। ਦੱਸ ਦਈਏ ਕਿ ਖੂਨ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬਿਮਾਰੀ ਹੁੰਦੀ ਹੈ। ਡਾ: ਅਨੂਪ ਮਿਸ਼ਰਾ ਦਾ ਕਹਿਣਾ ਹੈ ਕਿ ਅੰਗਾਂ ਦਾ ਫੇਲ੍ਹ ਹੋਣਾ ਸ਼ੂਗਰ ਦੀ ਪਛਾਣ ਹੈ, ਕਿਉਂਕਿ ਸ਼ੂਗਰ ਦੀ ਬਿਮਾਰੀ ਸਰੀਰ ਦੇ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ। ਡਾਕਟਰ ਮਿਸ਼ਰਾ ਅਨੁਸਾਰ, ਜੇਕਰ ਸ਼ੂਗਰ ਕੰਟਰੋਲ 'ਚ ਨਹੀਂ ਰਹਿੰਦੀ, ਤਾਂ ਇਹ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਅਸਰ ਪਾਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੂਗਰ ਦੀ ਬਿਮਾਰੀ ਖੂਨ ਦੀਆਂ ਨਾੜੀਆਂ ਨੂੰ ਬਲਾਕ ਕਰਨ ਲਈ ਜਾਣੀ ਜਾਂਦੀ ਹੈ। ਇਸ ਲਈ ਦਿਮਾਗ ਤੱਕ ਖੂਨ ਪਹੁੰਚਣ ਵਿੱਚ ਮੁਸ਼ਕਲ ਹੋ ਜਾਂਦੀ ਹੈ ਅਤੇ ਜਦੋਂ ਇਹ ਪ੍ਰਕਿਰਿਆ ਲੰਬੇ ਸਮੇਂ ਤੱਕ ਹੁੰਦੀ ਹੈ, ਤਾਂ ਇਹ ਬਿਮਾਰੀ ਦਿਮਾਗ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਜਿੰਨੀ ਘੱਟ ਉਮਰ ਦੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਹੈ, ਡਿਮੇਨਸ਼ੀਆ ਦਾ ਖ਼ਤਰਾ ਓਨਾ ਹੀ ਵੱਧ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਛੋਟੀ ਉਮਰ ਵਿੱਚ ਸ਼ੂਗਰ ਹੈ, ਤਾਂ ਡਿਮੇਨਸ਼ੀਆ ਦਾ ਖ਼ਤਰਾ ਵੱਧ ਹੋਵੇਗਾ। ਜਦੋਂ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੁੰਦਾ ਹੈ, ਤਾਂ ਇਹ ਦਿਮਾਗ ਦੀਆਂ ਨਸਾਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ, ਮੂਡ ਬਦਲਣਾ ਸ਼ੁਰੂ ਹੋ ਜਾਂਦਾ ਹੈ, ਭਾਰ ਵੀ ਵੱਧ ਸਕਦਾ ਹੈ ਅਤੇ ਹਾਰਮੋਨਲ ਬਦਲਾਅ ਦਿਖਾਈ ਦੇਣ ਲੱਗਦੇ ਹਨ।
ਟਾਈਪ-2 ਸ਼ੂਗਰ ਤੋਂ ਬਚਾਅ:
- ਦਵਾਈ ਅਤੇ ਇਨਸੁਲਿਨ ਥੈਰੇਪੀ ਲਓ।
- ਤੁਹਾਨੂੰ ਖੁਰਾਕ ਅਤੇ ਕਸਰਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਸਿਹਤਮੰਦ ਭੋਜਨ ਖਾਓ ਅਤੇ ਰੋਜ਼ਾਨਾ ਕਸਰਤ ਕਰੋ।
- ਬਲੱਡ ਸ਼ੂਗਰ ਲੈਵਲ ਦੀ ਜਾਂਚ ਕਰਦੇ ਰਹੋ।
- ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰੋ।
- ਆਪਣੇ ਡਾਕਟਰ ਦੀ ਵਾਰ-ਵਾਰ ਸਲਾਹ ਲਓ।
ਸ਼ੂਗਰ ਦੇ ਮਰੀਜ਼ਾਂ ਲਈ ਖੁਰਾਕ:
- ਸੇਬ: ਸੇਬ 'ਚ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਸ ਤੋਂ ਇਲਾਵਾ, ਵਿਟਾਮਿਨ ਵੀ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਸੇਬ ਵਿੱਚ ਚਰਬੀ ਨਹੀਂ ਹੁੰਦੀ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਸੇਬ ਨੂੰ ਸ਼ਾਮਲ ਕਰ ਸਕਦੇ ਹੋ।
- ਬਦਾਮ: ਬਦਾਮ ਨੂੰ ਯਾਦਾਤਸ਼ਤ ਤੇਜ਼ ਕਰਨ ਲਈ ਮਦਦਗਾਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਸ਼ੂਗਰ ਦੇ ਮਰੀਜ਼ ਵੀ ਆਪਣੀ ਖੁਰਾਕ 'ਚ ਬਦਾਮ ਨੂੰ ਸ਼ਾਮਲ ਕਰ ਸਕਦੇ ਹਨ। ਇਸ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
- ਚਿਆ ਦੇ ਬੀਜ: ਚਿਆ ਦੇ ਬੀਜਾਂ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਇਹ ਸਰੀਰ ਦੇ ਆਮ ਭਾਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਚਿਆ ਦੇ ਬੀਜ ਫਾਇਦੇਮੰਦ ਹੁੰਦੇ ਹਨ।
- ਹੋਰ ਫਾਇਦੇਮੰਦ ਖੁਰਾਕ: ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ 'ਚ ਓਟਮੀਲ, ਬਲੂਬੈਰੀ, ਮੀਟ ਅਤੇ ਅੰਡੇ ਨੂੰ ਸ਼ਾਮਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਭੋਜਨ ਬਣਾਉਣ ਲਈ ਨਾਰੀਅਲ ਦਾ ਤੇਲ, ਜੈਤੂਨ ਦਾ ਤੇਲ ਅਤੇ ਸਰ੍ਹੋਂ ਦੇ ਤੇਲ ਦੀ ਵਰਤੋ ਕਰ ਸਕਦੇ ਹੋ।