ਹੈਦਰਾਬਾਦ: ਹੱਸਣ ਅਤੇ ਰੋਣ ਦੀ ਤਰ੍ਹਾਂ ਗੁੱਸਾ ਵੀ ਇੱਕ ਇਮੋਸ਼ਨ ਹੈ, ਜੋ ਕਿਸੇ ਵੀ ਵਿਅਕਤੀ ਨੂੰ ਆਸਾਨੀ ਨਾਲ ਆ ਜਾਂਦਾ ਹੈ। ਕਈ ਲੋਕ ਗੁੱਸੇ 'ਤੇ ਕੰਟਰੋਲ ਕਰ ਲੈਂਦੇ ਹਨ, ਪਰ ਕਈ ਵਾਰ ਗੁੱਸੇ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਇਸਦਾ ਅਸਰ ਰਿਸ਼ਤਿਆਂ 'ਤੇ ਪੈਂਦਾ ਹੈ, ਕਿਉਕਿ ਗੁੱਸੇ ਵਾਲੇ ਵਿਅਕਤੀ ਤੋਂ ਜ਼ਿਆਦਾਤਰ ਲੋਕ ਦੂਰ ਰਹਿਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਇੱਥੇ ਦਿੱਤੇ ਹੋਏ ਕੁਝ ਟਿਪਸ ਅਜ਼ਮਾ ਸਕਦੇ ਹੋ।
ਗੁੱਸੇ ਨੂੰ ਕੰਟਰੋਲ ਕਰਨ ਦੇ ਟਿਪਸ:
ਉਲਟੀ ਗਿਣਤੀ ਕਰੋ: ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਗੁੱਸਾ ਜ਼ਿਆਦਾ ਵਧ ਰਿਹਾ ਹੈ, ਤਾਂ ਉਸ ਸਮੇਂ ਰੁਕੋ ਅਤੇ ਉਲਟੀ ਗਿਣਤੀ ਕਰਨੀ ਸ਼ੁਰੂ ਕਰ ਦਿਓ। ਇਹ ਤਰੀਕਾ ਗੁੱਸੇ ਨੂੰ ਕੰਟਰੋਲ ਕਰਨ ਲਈ ਵਧੀਆ ਹੋ ਸਕਦਾ ਹੈ। ਗਿਣਤੀ ਖਤਮ ਹੋਣ ਤੱਕ ਗੁੱਸਾ ਨਾਰਮਲ ਜਾਂ ਸ਼ਾਂਤ ਹੋ ਜਾਂਦਾ ਹੈ।
ਡੂੰਘੇ ਸਾਹ ਲਓ: ਗੁੱਸਾ ਆਉਣ 'ਤੇ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ ਅਤੇ ਸਾਹ ਉੱਪਰ-ਥੱਲੇ ਹੋਣ ਲੱਗਦਾ ਹੈ। ਅਜਿਹੇ 'ਚ ਖੁਦ ਨੂੰ ਨਾਰਮਲ ਕਰਨ ਲਈ ਡੂੰਘੇ ਸਾਹ ਲਓ ਅਤੇ ਛੱਡੋ। ਅਜਿਹਾ ਤੁਸੀਂ ਰੋਜ਼ਾਨਾ ਵੀ ਕਰ ਸਕਦੇ ਹੋ। ਇਸ ਨਾਲ ਸਿਰਫ਼ ਗੁੱਸਾ ਹੀ ਸ਼ਾਂਤ ਨਹੀਂ ਹੁੰਦਾ, ਸਗੋ ਸਿਹਤ ਨੂੰ ਵੀ ਕਈ ਲਾਭ ਮਿਲਦੇ ਹਨ।
ਆਪਣਾ ਧਿਆਨ ਹੋਰ ਪਾਸੇ ਲਗਾਓ: ਗੁੱਸਾ ਆਉਣ 'ਤੇ ਆਪਣਾ ਧਿਆਨ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਚੀਜ਼ਾਂ ਬਾਰੇ ਸੋਚੋ, ਜਿਸਨੂੰ ਸੋਚ ਕੇ ਤੁਹਾਨੂੰ ਖੁਸ਼ੀ ਮਿਲੇ। ਇਸ ਨਾਲ ਦਿਮਾਗ ਸ਼ਾਂਤ ਅਤੇ ਗੁੱਸਾ ਠੰਡਾ ਹੁੰਦਾ ਹੈ।
ਸਰੀਰਕ ਕਸਰਤ ਕਰੋ: ਤੁਸੀਂ ਰੋਜ਼ਾਨਾ ਸਰੀਰਕ ਕਸਰਤ ਕਰ ਸਕਦੇ ਹੋ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਕਾਫ਼ੀ ਲਾਭ ਮਿਲਦੇ ਹਨ। ਸਰੀਰਕ ਕਸਰਤ ਕਰਨ ਨਾਲ ਗੁੱਸਾ ਘਟ ਹੁੰਦਾ ਹੈ ਅਤੇ ਵਿਅਕਤੀ ਖੁਸ਼ ਰਹਿੰਦਾ ਹੈ।
ਸ਼ਾਂਤੀ ਦੇ ਮੰਤਰ ਦੁਹਰਾਓ: ਗੁੱਸਾ ਆਉਣ 'ਤੇ ਸ਼ਾਂਤੀ ਅਤੇ ਰਿਲੈਕਸ ਵਰਗੇ ਸ਼ਬਦਾਂ ਨੂੰ ਦੁਹਰਾਓ। ਇਸ ਨਾਲ ਗੁੱਸਾ ਸ਼ਾਂਤ ਹੋ ਜਾਂਦਾ ਹੈ। ਜੇਕਰ ਇਨ੍ਹਾਂ ਤਰੀਕਿਆਂ ਨਾਲ ਵੀ ਤੁਹਾਡਾ ਗੁੱਸਾ ਸ਼ਾਂਤ ਨਹੀਂ ਹੁੰਦਾ, ਤਾਂ ਤੁਸੀਂ ਮਨੋਵਿਗਿਆਨੀ ਦੀ ਮਦਦ ਲੈ ਸਕਦੇ ਹੋ।