ਹੈਦਰਾਬਾਦ: ਅੱਜ-ਕੱਲ੍ਹ ਗ੍ਰੀਨ ਟੀ, ਲੈਮਨ ਟੀ, ਹਰਬਲ ਟੀ, ਫਲਾਵਰ ਟੀ, ਡੀਟੌਕਸ ਟੀ ਆਦਿ ਚਾਹ ਦੀਆਂ ਕਈ ਕਿਸਮਾਂ ਪ੍ਰਚਲਿਤ ਹਨ, ਪਰ ਜ਼ਿਆਦਾਤਰ ਲੋਕ ਦੁੱਧ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਮੌਸਮ ਭਾਵੇਂ ਕੋਈ ਵੀ ਹੋਵੇ, ਚਾਹ ਦੇ ਸ਼ੌਕੀਨਾਂ ਨੂੰ ਹਰ ਮੌਸਮ ਵਿੱਚ ਚਾਹ ਚਾਹੀਦੀ ਹੁੰਦੀ ਹੈ। ਮੀਂਹ ਦੇ ਮੌਸਮ ਵਿੱਚ ਚਾਹ ਪੀਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ, ਜਿਸ ਕਾਰਨ ਕਈ ਲੋਕ ਦਿਨ ਵਿੱਚ ਕਈ ਕੱਪ ਚਾਹ ਦੇ ਪੀ ਲੈਂਦੇ ਹਨ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਵਾਲੀ ਚਾਹ ਦਾ ਜ਼ਿਆਦਾ ਸੇਵਨ ਕਈ ਵਾਰ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਮੀਂਹ ਦੇ ਮੌਸਮ ਵਿੱਚ ਦੁੱਧ ਵਾਲੀ ਚਾਹ ਖਤਰਨਾਕ: ਮੀਂਹ ਦੇ ਮੌਸਮ ਵਿੱਚ ਠੰਢਕ ਅਤੇ ਨਮੀ ਕਾਰਨ ਗਰਮ ਚਾਹ ਪੀਣ ਨਾਲ ਆਰਾਮਦਾਇਕ ਅਤੇ ਸੁਹਾਵਣਾ ਮਹਿਸੂਸ ਹੁੰਦਾ ਹੈ। ਜੇਕਰ ਦੁੱਧ ਵਾਲੀ ਚਾਹ 'ਚ ਅਦਰਕ, ਇਲਾਇਚੀ ਅਤੇ ਤੁਲਸੀ ਵਰਗੀਆਂ ਸਮੱਗਰੀਆਂ ਮਿਲਾ ਦਿੱਤੀਆਂ ਜਾਣ, ਤਾਂ ਇਹ ਚਾਹ ਹੋਰ ਵੀ ਸੁਆਦੀ ਬਣ ਜਾਂਦੀ ਹੈ। ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਮੁੰਬਈ ਦੇ ਨਿਊਟ੍ਰੀਸ਼ਨਿਸਟ ਅਤੇ ਡਾਇਟੀਸ਼ੀਅਨ ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਦੁੱਧ ਵਾਲੀ ਚਾਹ ਨੂੰ ਪੀਣ ਨਾਲ ਸਰੀਰ 'ਤੇ ਕਈ ਵਾਰ ਨੁਕਸਾਨਦੇਹ ਪ੍ਰਭਾਵ ਵੀ ਪੈ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
ਦੁੱਧ ਵਾਲੀ ਚਾਹ ਪੀਣ ਦੇ ਨੁਕਸਾਨ:
ਪਾਚਨ ਸੰਬੰਧੀ ਸਮੱਸਿਆਵਾਂ: ਜ਼ਿਆਦਾ ਮਾਤਰਾ 'ਚ ਦੁੱਧ ਵਾਲੀ ਚਾਹ ਪੀਣ ਨਾਲ ਗੈਸ, ਬਲੋਟਿੰਗ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੀਂਹ ਦੇ ਮੌਸਮ 'ਚ ਪਾਚਨ ਤੰਤਰ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਅਜਿਹੇ 'ਚ ਜੇਕਰ ਚਾਹ ਬਹੁਤ ਜ਼ਿਆਦਾ ਪੀਤੀ ਜਾਵੇ, ਤਾਂ ਇਸ ਨਾਲ ਵਿਅਕਤੀ ਨੂੰ ਪਾਚਨ ਤੰਤਰ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜ਼ਿਆਦਾਤਰ ਡਾਕਟਰ ਗੈਸ-ਐਸੀਡਿਟੀ ਦੇ ਮਰੀਜ਼ਾਂ ਨੂੰ ਦੁੱਧ ਵਾਲੀ ਚਾਹ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ।
ਹੱਡੀਆਂ 'ਤੇ ਪ੍ਰਭਾਵ: ਦੁੱਧ ਦੀ ਚਾਹ ਵਿੱਚ ਟੈਨਿਨ ਅਤੇ ਕੈਫੀਨ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਕੈਲਸ਼ੀਅਮ ਦੇ ਸੋਖਣ ਨੂੰ ਰੋਕ ਸਕਦਾ ਹੈ। ਇਸ ਨਾਲ ਹੱਡੀਆਂ ਦੀ ਸਿਹਤ 'ਤੇ ਅਸਰ ਪੈ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਓਸਟੀਓਪੋਰੋਸਿਸ ਦਾ ਖ਼ਤਰਾ ਵੱਧ ਸਕਦਾ ਹੈ।
ਨੀਂਦ 'ਤੇ ਪ੍ਰਭਾਵ: ਚਾਹ ਵਿੱਚ ਕੈਫੀਨ ਹੁੰਦੀ ਹੈ, ਜੋ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕਰਦੀ ਹੈ। ਜ਼ਿਆਦਾ ਮਾਤਰਾ ਵਿਚ ਕੈਫੀਨ ਦਾ ਸੇਵਨ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਰਾਤ ਨੂੰ ਚਾਹ ਪੀਣ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ, ਜਿਸ ਨਾਲ ਅਗਲੀ ਸਵੇਰ ਥਕਾਵਟ ਮਹਿਸੂਸ ਹੋ ਸਕਦੀ ਹੈ।
ਦੰਦਾਂ 'ਤੇ ਪ੍ਰਭਾਵ: ਦੁੱਧ ਵਾਲੀ ਚਾਹ ਵਿੱਚ ਮੌਜੂਦ ਖੰਡ ਦੰਦਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਦੰਦਾਂ 'ਤੇ ਕੈਵਿਟੀ ਅਤੇ ਪਲੇਕ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਚਾਹ ਵਿੱਚ ਟੈਨਿਨ ਵੀ ਹੁੰਦੇ ਹਨ, ਜਿਸ ਕਾਰਨ ਦੰਦਾਂ 'ਤੇ ਦਾਗ ਬਣ ਸਕਦੇ ਹਨ।
ਭਾਰ ਵਧਣਾ: ਮੀਂਹ ਦੇ ਮੌਸਮ ਵਿੱਚ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਦੁੱਧ ਅਤੇ ਖੰਡ ਨਾਲ ਬਣੀ ਚਾਹ 'ਚ ਕਾਫੀ ਕੈਲੋਰੀ ਹੁੰਦੀ ਹੈ। ਇਸ ਮੌਸਮ ਵਿੱਚ ਬਿਨ੍ਹਾਂ ਕਿਸੇ ਵਾਧੂ ਮਿਹਨਤ ਦੇ ਕੈਲੋਰੀ ਬਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਇਸ ਮੌਸਮ 'ਚ ਜ਼ਿਆਦਾ ਚਾਹ ਪੀਣ ਨਾਲ ਭਾਰ ਵੱਧ ਸਕਦਾ ਹੈ।
- ਦਿਲ ਨੂੰ ਸਿਹਤਮੰਦ ਬਣਾਈ ਰੱਖਣ ਲਈ ਇਹ 5 ਤਰ੍ਹਾਂ ਦੇ ਫੂਡ ਹੋ ਸਕਦੈ ਨੇ ਫਾਇਦੇਮੰਦ, ਖੁਰਾਕ 'ਚ ਕਰੋ ਸ਼ਾਮਲ - Heart Health
- ਮੱਛਰਾਂ ਦੇ ਕੱਟਣ ਨਾਲ ਇਨ੍ਹਾਂ 4 ਬਿਮਾਰੀਆਂ ਦਾ ਹੋ ਸਕਦੈ ਖਤਰਾ, ਬਚਾਅ ਲਈ ਵਰਤੋ ਇਹ ਸਾਵਧਾਨੀਆਂ - Diseases Caused By Mosquito Bites
- ਗਰਭ ਅਵਸਥਾ ਦੌਰਾਨ ਡਾਕਟਰੀ ਸਲਾਹ ਤੋਂ ਬਿਨ੍ਹਾਂ ਦਵਾਈਆਂ ਲੈਣਾ ਹੋ ਸਕਦੈ ਖਤਰਨਾਕ, ਰਹੋ ਸਾਵਧਾਨ - Pregnancy Care Tips
ਸਾਵਧਾਨੀਆਂ ਅਤੇ ਉਪਚਾਰ: ਜੇਕਰ ਤੁਸੀਂ ਮੀਂਹ ਦੇ ਮੌਸਮ ਵਿੱਚ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਚਾਹ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਕੁਝ ਸਾਵਧਾਨੀਆਂ ਵਰਤਣਾ ਫਾਇਦੇਮੰਦ ਹੋ ਸਕਦਾ ਹੈ।
- ਸੰਜਮ ਵਰਤੋ ਅਤੇ ਸੀਮਤ ਮਾਤਰਾ ਵਿੱਚ ਦੁੱਧ ਵਾਲੀ ਚਾਹ ਦਾ ਸੇਵਨ ਕਰੋ।
- ਚਾਹ ਵਿੱਚ ਖੰਡ ਦੀ ਮਾਤਰਾ ਘਟਾਓ ਅਤੇ ਇਸਦੀ ਥਾਂ ਸਿਹਤਮੰਦ ਵਿਕਲਪਾਂ ਦੀ ਵਰਤੋਂ ਕਰੋ।
- ਚਾਹ ਪੱਤੀਆਂ ਨੂੰ ਬਹੁਤ ਜ਼ਿਆਦਾ ਪਕਾਉਣ ਤੋਂ ਬਚੋ।
- ਚਾਹ ਵਿੱਚ ਅਦਰਕ, ਤੁਲਸੀ ਅਤੇ ਇਲਾਇਚੀ ਵਰਗੀਆਂ ਸਿਹਤਮੰਦ ਸਮੱਗਰੀਆਂ ਸ਼ਾਮਲ ਕਰੋ।
- ਜੇਕਰ ਕਿਸੇ ਕਾਰਨ ਚਾਹ ਦਾ ਸੇਵਨ ਜ਼ਿਆਦਾ ਮਾਤਰਾ 'ਚ ਕੀਤਾ ਜਾ ਰਿਹਾ ਹੈ, ਤਾਂ ਚਾਹ ਦੇ ਨਾਲ-ਨਾਲ ਕਾਫੀ ਮਾਤਰਾ 'ਚ ਪਾਣੀ ਪਾਓ, ਤਾਂ ਜੋ ਪਾਚਨ ਤੰਤਰ ਠੀਕ ਰਹੇ।
- ਜਿੱਥੋਂ ਤੱਕ ਹੋ ਸਕੇ, ਸ਼ਾਮ ਅਤੇ ਰਾਤ ਨੂੰ ਘੱਟ ਚਾਹ ਦਾ ਸੇਵਨ ਕਰੋ, ਤਾਂ ਕਿ ਨੀਂਦ ਪ੍ਰਭਾਵਿਤ ਨਾ ਹੋਵੇ।