ਹੈਦਰਾਬਾਦ: ਵਿਅਸਤ ਜੀਵਨਸ਼ੈਲੀ ਹੋਣ ਕਰਕੇ ਲੋਕ ਕਈ ਵਾਰ ਸਵੇਰ ਦਾ ਭੋਜਨ ਛੱਡ ਦਿੰਦੇ ਹਨ, ਜਿਸ ਕਾਰਨ ਸਰੀਰ 'ਚ ਐਨਰਜ਼ੀ ਨਹੀਂ ਰਹਿੰਦੀ ਅਤੇ ਸਾਰੇ ਦਿਨ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸਵੇਰ ਦਾ ਭੋਜਨ ਕਦੇ ਵੀ ਛੱਡਣਾ ਨਹੀਂ ਚਾਹੀਦਾ। ਕਈ ਲੋਕ ਸਵੇਰੇ ਕੰਮ ਦੀ ਜਲਦਬਾਜ਼ੀ 'ਚ ਕੁਝ ਵੀ ਖਾ ਕੇ ਚਲੇ ਜਾਂਦੇ ਹਨ, ਜੋ ਕਿ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਵੇਰ ਦਾ ਭੋਜਨ ਖਾਂਦੇ ਹੋ, ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਵੇਰ ਦੇ ਸਮੇਂ ਖਾਲੀ ਪੇਟ ਕਿਹੜੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖਾਲੀ ਪੇਟ ਨਾ ਖਾਓ ਇਹ ਚੀਜ਼ਾਂ:
ਖੱਟੇ ਫਲ: ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਜਲਦਬਾਜ਼ੀ 'ਚ ਖਾਧਾ ਗਿਆ ਭੋਜਨ ਆਸਾਨੀ ਨਾਲ ਨਹੀਂ ਪਚਦਾ। ਇਸ ਕਰਕੇ ਸਵੇਰੇ ਲਏ ਗਏ ਭੋਜਨ ਵਿੱਚ ਖੱਟੇ ਫਲਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ। ਖੱਟੇ ਫਲ ਜਿਵੇਂ ਕਿ ਸੰਤਰਾ, ਨਿੰਬੂ, ਅੰਗੂਰ ਅਤੇ ਟਮਾਟਰ ਨੂੰ ਖਾਲੀ ਪੇਟ ਖਾਣ ਦੀ ਗਲਤੀ ਨਾ ਕਰੋ। ਖੱਟੇ ਫਲਾਂ 'ਚ ਐਸਿਡ ਹੋਣ ਕਾਰਨ ਪੇਟ 'ਚ ਅਲਸਰ ਹੋਣ ਦਾ ਖਤਰਾ ਰਹਿੰਦਾ ਹੈ।
ਕੱਚੀਆਂ ਸਬਜ਼ੀਆਂ: ਕਈ ਲੋਕ ਵਰਤ ਰੱਖਣ ਦੌਰਾਨ ਕੱਚੀ ਸਬਜ਼ੀ ਖਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਕੱਚੀਆਂ ਸਬਜ਼ੀਆਂ ਖਾਣਾ ਠੀਕ ਨਹੀਂ ਹੈ। ਕੱਚੀਆਂ ਸਬਜ਼ੀਆਂ ਫਾਈਬਰ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦੀਆਂ ਹਨ। ਜੇਕਰ ਇਨ੍ਹਾਂ ਨੂੰ ਸਵੇਰੇ ਖਾਧਾ ਜਾਵੇ, ਤਾਂ ਇਹ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੀਆਂ ਅਤੇ ਪੇਟ 'ਚ ਦਰਦ ਰਹਿੰਦਾ ਹੈ।
ਮਸਾਲੇਦਾਰ ਭੋਜਨ: ਬਹੁਤ ਸਾਰੇ ਲੋਕਾਂ ਨੂੰ ਮਸਾਲੇਦਾਰ ਭੋਜਨ ਖਾਣ ਦੀ ਆਦਤ ਹੁੰਦੀ ਹੈ। ਪਰ ਕਿਹਾ ਜਾਂਦਾ ਹੈ ਕਿ ਮਸਾਲੇਦਾਰ ਭੋਜਨ ਜਲਦੀ ਨਹੀਂ ਪਚਦਾ ਹੈ। ਇਸ ਕਾਰਨ ਪਾਚਨ ਪ੍ਰਣਾਲੀ ਵਿੱਚ ਸੋਜ ਪੈਦਾ ਹੋ ਜਾਂਦੀ ਹੈ। ਇਸ ਲਈ ਸਵੇਰੇ ਮਸਾਲੇਦਾਰ ਭੋਜਨ ਕਿਸੇ ਵੀ ਹਾਲਤ ਵਿੱਚ ਖਾਣਾ ਠੀਕ ਨਹੀਂ ਹੈ।
ਡ੍ਰਿੰਕਸ: ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਕਬਜ਼, ਐਸੀਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸੰਤਰੇ ਅਤੇ ਨਿੰਬੂ ਵਰਗੇ ਰਸ ਖਾਲੀ ਪੇਟ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਜੂਸ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ, ਸੁਸਤੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ।
ਕੌਫੀ: ਬਹੁਤ ਸਾਰੇ ਲੋਕ ਸਵੇਰੇ ਚਾਹ ਅਤੇ ਕੌਫੀ ਪੀਂਦੇ ਹਨ। ਹਾਲਾਂਕਿ, ਖਾਲੀ ਪੇਟ ਚਾਹ ਅਤੇ ਕੌਫ਼ੀ ਪੀਣਾ ਸਹੀ ਨਹੀਂ ਹੈ। ਕੌਫੀ ਵਿੱਚ ਕੈਫੀਨ ਨਾਮਕ ਪਦਾਰਥ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ।
ਤਲੇ ਹੋਏ ਭੋਜਨ: ਬਹੁਤ ਸਾਰੇ ਲੋਕ ਤਲੇ ਹੋਏ ਭੋਜਨ ਖਾਣਾ ਪਸੰਦ ਕਰਦੇ ਹਨ। ਜੇਕਰ ਇਨ੍ਹਾਂ ਨੂੰ ਖਾਲੀ ਪੇਟ ਖਾਧਾ ਜਾਵੇ, ਤਾਂ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਪੇਟ 'ਚ ਸੋਜ ਪੈਦਾ ਹੋਣ ਲੱਗਦੀ ਹੈ।
ਪ੍ਰੋਸੈਸਡ ਫੂਡਜ਼: ਅੱਜਕੱਲ੍ਹ ਜ਼ਿਆਦਾਤਰ ਲੋਕ ਪੈਕੇਟ ਫੂਡ ਅਤੇ ਪ੍ਰੋਸੈਸਡ ਫੂਡ ਖਾਣਾ ਪਸੰਦ ਕਰਦੇ ਹਨ। ਪਰ ਪ੍ਰੋਸੈਸਡ ਭੋਜਨ ਜਿਵੇਂ ਕਿ ਫਾਸਟ ਫੂਡ, ਚਿਪਸ ਅਤੇ ਪੈਕ ਕੀਤੇ ਭੋਜਨਾਂ ਵਿੱਚ ਖੰਡ, ਨਮਕ ਅਤੇ ਗੈਰ-ਸਿਹਤਮੰਦ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਲਈ ਇਹ ਭੋਜਨ ਖਾਲੀ ਪੇਟ ਖਾਣਾ ਸਹੀ ਨਹੀਂ ਹੈ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।