ਮੋਗਾ: ਅੱਜ ਦੇ ਸਮੇਂ 'ਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ 80-90 ਸਾਲ ਦੀ ਉਮਰ ਦੇ ਬਜ਼ੁਰਗ ਕਬਜ਼ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਗਲਤ ਖਾਣ-ਪੀਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਕਬਜ਼ ਕਾਰਨ ਲੋਕ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸਦੇ ਨਾਲ ਹੀ, ਕਈ ਲੋਕ ਦਿਲ ਦੇ ਦੌਰੇ ਪਿੱਛੇ ਵੀ ਕਬਜ਼ ਨੂੰ ਜ਼ਿੰਮੇਵਾਰ ਮੰਨਦੇ ਹਨ। ਇਸ ਸਬੰਧੀ ਅਸੀ ਡਾਕਟਰ ਸੰਜੀਵ ਮਿੱਤਲ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਦਿਲ ਦੀ ਬਿਮਾਰੀ ਕਬਜ਼ ਕਰਕੇ ਨਹੀਂ ਹੁੰਦੀ ਅਤੇ ਨਾ ਹੀ ਦਿਲ ਦੀ ਬਿਮਾਰੀ ਕਰਕੇ ਕਬਜ ਹੁੰਦੀ ਹੈ ਪਰ ਇਹ ਦੋਨੋਂ ਬਿਮਾਰੀਆਂ ਇਕੱਠੀਆਂ ਇੱਕੋ ਉਮਰ ਵਰਗ 'ਚ ਬਹੁਤ ਦੇਖੀਆਂ ਜਾਂਦੀਆਂ ਹਨ।
ਕੀ ਕਬਜ਼ ਕਾਰਨ ਦਿਲ ਦੇ ਦੌਰੇ ਦਾ ਖਤਰਾ ਹੋ ਸਕਦੈ?: ਕਬਜ਼ ਦੀ ਸਮੱਸਿਆ ਦਾ ਜ਼ਿਆਦਾਤਰ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ 80-90 ਸਾਲ ਦੀ ਉਮਰ ਦੇ ਬਜ਼ੁਰਗ ਸ਼ਿਕਾਰ ਹੋ ਰਹੇ ਹਨ, ਕਿਉਂਕਿ ਅੱਜ ਦੇ ਸਮੇਂ 'ਚ ਖਾਣ-ਪੀਣ ਵਿੱਚ ਬਹੁਤ ਬਦਲਾਅ ਹੋ ਗਿਆ ਹੈ। ਕਬਜ਼ ਨਾਲੋਂ ਲੋਕ ਜ਼ਿਆਦਾ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਕਿਸੇ ਵਿਅਕਤੀ ਨੂੰ ਕਬਜ਼ ਹੈ ਅਤੇ ਉਹ ਵਿਅਕਤੀ ਭਾਰ ਚੁੱਕਣ ਵਾਲਾ ਕੰਮ ਕਰ ਰਿਹਾ ਹੈ, ਤਾਂ ਕਬਜ਼ ਕਰਕੇ ਦਿਲ ਦੇ ਦੌਰੇ ਦਾ ਖਤਰਾ ਪੈਦਾ ਹੋ ਸਕਦਾ ਹੈ। ਪਰ ਅਜਿਹਾ ਉਸ ਸਮੇਂ ਹੀ ਹੋਵੇਗਾ, ਜੇਕਰ ਉਸ ਵਿਅਕਤੀ ਨੂੰ ਪਹਿਲਾ ਕੋਈ ਦਿਲ ਨਾਲ ਜੁੜੀ ਬਿਮਾਰੀ ਹੈ।
ਦਿਲ ਦੇ ਮਰੀਜ਼ਾਂ ਨੂੰ ਨਹੀਂ ਕਰਨੇ ਚਾਹੀਦੇ ਇਹ ਕੰਮ: ਦਿਲ ਦੇ ਮਰੀਜ਼ਾਂ ਨੂੰ ਕੋਈ ਵੀ ਜ਼ੋਰ ਵਾਲਾ ਕੰਮ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ। ਚਾਹੇ ਉਹ ਬਾਥਰੂਮ ਚ ਬਾਲਟੀ ਚੱਕਣ ਤੋਂ ਲੈ ਕੇ ਪੌੜੀਆਂ ਚੜਨ ਵਰਗਾ ਕੰਮ ਹੋਵੇ। ਇਸੇ ਤਰ੍ਹਾਂ ਜੇਕਰ ਦਿਲ ਦੇ ਮਰੀਜ਼ ਨੂੰ ਟੱਟੀ ਕਰਨ ਲਈ ਜੋਰ ਲਗਾਉਣਾ ਪੈ ਰਿਹਾ ਹੈ, ਤਾਂ ਵੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼: ਜਿਹੜੇ ਲੋਕ ਬਿਮਾਰ ਨਹੀਂ ਹਨ ਅਤੇ ਬਚਪਨ ਤੋਂ ਕਬਜ਼ ਦੀ ਸਮੱਸਿਆ ਹੋ ਰਹੀ ਹੈ, ਤਾਂ ਉਹ ਆਪਣੀ ਡਾਇਟ 'ਚ ਸੁਧਾਰ ਕਰਨ। ਅੱਜ ਕੱਲ੍ਹ ਡਾਇਟ ਵਿੱਚ ਮੈਦਾ ਬਹੁਤ ਜਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਫਾਈਬਰ ਦੀ ਬਹੁਤ ਜਿਆਦਾ ਘਾਟ ਹੈ। ਜਦਕਿ ਅੱਜ ਤੋਂ ਕੁਝ ਸਾਲ ਪਹਿਲਾਂ ਮੈਦਾ, ਡਬਲ ਰੋਟੀ, ਬਰੈਡ, ਬਰਗਰ, ਪੀਜ਼ਾ ਵਰਗੀਆਂ ਚੀਜ਼ਾਂ ਲੋਕ ਨਹੀਂ ਖਾਂਦੇ ਸੀ ਅਤੇ ਕਣਕ ਦੇ ਨਾਲ ਜਵਾਰ, ਬਾਜਰਾ, ਮੱਕੀ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਨ੍ਹਾਂ ਚੀਜ਼ਾਂ 'ਚ ਫਾਈਬਰ ਪਾਇਆ ਜਾਂਦਾ ਹੈ। ਇਸਦੇ ਨਾਲ ਹੀ, ਲੋਕ ਤਾਜ਼ੀਆਂ ਸਬਜ਼ੀਆਂ ਬਣਾ ਕੇ ਖਾਂਦੇ ਸੀ, ਜੋ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਲਈ ਤੁਹਾਨੂੰ ਅਜਿਹੀਆਂ ਚੀਜ਼ਾਂ ਆਪਣੀ ਖੁਰਾਕ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਅਜਿਹਾ ਕਰਕੇ ਤੁਸੀਂ ਦਿਲ ਦੇ ਦੌਰੇ ਨੂੰ ਘੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ:-