ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਬਦਲਦੇ ਮੌਸਮ ਦੌਰਾਨ ਜੀਵਨਸ਼ੈਲੀ 'ਚ ਬਦਲਾਅ ਹੋਣ ਕਰਕੇ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਗਰਮੀਆਂ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਮਸਾਲੇਦਾਰ ਭੋਜਨਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਦਰਅਸਲ, ਗਰਮੀਆਂ ਦੌਰਾਨ ਸਰੀਰ ਦਾ ਤਾਪਮਾਨ ਹੌਲੀ-ਹੌਲੀ ਵੱਧ ਜਾਂਦਾ ਹੈ। ਜੇਕਰ ਤੁਸੀਂ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਇਹ ਭੋਜਨ ਸਰੀਰ ਵਿੱਚ ਗਰਮੀ ਨੂੰ ਵਧਾਉਦਾ ਹੈ ਅਤੇ ਪਾਣੀ ਦੀ ਮਾਤਰਾ ਨੂੰ ਘਟਾਉਂਦਾ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ ਵਿੱਚ ਮਸਾਲੇਦਾਰ ਭੋਜਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਮਸਾਲੇਦਾਰ ਭੋਜਨ ਖਾਣ ਨਾਲ ਦਿਲ ਵਿੱਚ ਜਲਨ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਗਰਮੀਆਂ ਦੇ ਮੌਸਮ 'ਚ ਇਨ੍ਹਾਂ ਭੋਜਨਾਂ ਤੋਂ ਕਰੋ ਪਰਹੇਜ਼:
ਪ੍ਰੋਸੈਸਡ ਫੂਡਜ਼: ਗਰਮੀਆਂ ਵਿੱਚ ਪ੍ਰੋਸੈਸਡ ਭੋਜਨ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਭੋਜਨਾਂ ਵਿੱਚ ਨਾ ਸਿਰਫ ਪੌਸ਼ਟਿਕ ਤੱਤ ਘੱਟ ਹੁੰਦੇ ਹਨ, ਸਗੋਂ ਇਹ ਭੋਜਨ ਸਰੀਰ ਨੂੰ ਲੋੜੀਂਦੀ ਊਰਜਾ ਵੀ ਨਹੀਂ ਦਿੰਦੇ ਹਨ। ਇਨ੍ਹਾਂ ਭੋਜਨਾਂ 'ਚ ਸੋਡੀਅਮ ਜ਼ਿਆਦਾ ਪਾਇਆ ਜਾਂਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੋਸੈਸਡ ਭੋਜਨ ਤੋਂ ਦੂਰੀ ਬਣਾ ਕੇ ਰੱਖੋ। ਜੇਕਰ ਤੁਸੀਂ ਗਰਮੀਆਂ 'ਚ ਇਨ੍ਹਾਂ ਭੋਜਨਾਂ ਨੂੰ ਖਾਂਦੇ ਹੋ, ਤਾਂ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਬਲੋਟਿੰਗ, ਗੈਸ ਅਤੇ ਜ਼ਿਆਦਾ ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਤਲੇ ਹੋਏ ਭੋਜਨ: ਸਿਹਤਮੰਦ ਰਹਿਣ ਲਈ ਹਰ ਮੌਸਮ ਵਿੱਚ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਖਾਸ ਕਰਕੇ ਗਰਮੀਆਂ ਵਿੱਚ ਇਨ੍ਹਾਂ ਭੋਜਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਕਿ ਇਨ੍ਹਾਂ ਭੋਜਨਾਂ ਵਿੱਚ ਲੂਣ ਅਤੇ ਹੋਰ ਮਸਾਲੇ ਜ਼ਿਆਦਾ ਹੁੰਦੇ ਹਨ। ਇਸ ਨਾਲ ਨਾ ਸਿਰਫ਼ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਦਾ ਹੈ ਸਗੋ ਬਦਹਜ਼ਮੀ ਦੀ ਸਮੱਸਿਆ ਵੀ ਹੋ ਸਕਦੀ ਹੈ। ਤਲਿਆਂ ਹੋਇਆ ਭੋਜਨ ਖਾਣ ਨਾਲ ਤੁਸੀਂ ਫਿਣਸੀ ਵਰਗੀ ਸਮੱਸਿਆ ਦਾ ਵੀ ਸ਼ਿਕਾਰ ਹੋ ਸਕਦੇ ਹੋ।
ਕੌਫੀ: ਗਰਮੀਆਂ 'ਚ ਕੌਫੀ ਦਾ ਜ਼ਿਆਦਾ ਸੇਵਨ ਕਰਨਾ ਬਿਹਤਰ ਨਹੀਂ ਹੁੰਦਾ। ਇਸ ਵਿਚ ਮੌਜੂਦ ਕੈਫੀਨ ਸਰੀਰ ਦਾ ਤਾਪਮਾਨ ਵਧਾ ਸਕਦਾ ਹੈ। ਇਸਦੇ ਨਾਲ ਹੀ ਕੌਫ਼ੀ ਪੀਣ ਨਾਲ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਸਕਦਾ ਹੈ ਅਤੇ ਸਰੀਰ ਵਿੱਚ ਪਾਣੀ ਦਾ ਪੱਧਰ ਘੱਟ ਜਾਂਦਾ ਹੈ, ਜਿਸ ਕਰਕੇ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਮਿੱਠੇ ਭੋਜਨ: ਜ਼ਿਆਦਾ ਮਿੱਠਾ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ, ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ, ਬਲੱਡ ਸ਼ੂਗਰ ਵਿੱਚ ਵਾਧਾ ਹੋ ਸਕਦਾ ਹੈ ਅਤੇ ਸਰੀਰ ਵਿੱਚ ਚਰਬੀ ਵੀ ਇਕੱਠੀ ਹੋ ਸਕਦੀ ਹੈ। ਇਸ ਲਈ ਗਰਮੀਆਂ ਵਿੱਚ ਮਿੱਠੇ ਭੋਜਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਇਨ੍ਹਾਂ ਦੀ ਬਜਾਏ ਤੁਸੀਂ ਤਰਬੂਜ, ਨਿੰਬੂ ਅਤੇ ਸ਼ਰਬਤ ਦਾ ਜ਼ਿਆਦਾ ਸੇਵਨ ਕਰ ਸਕਦੇ ਹੋ।