ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲਗਾਤਾਰ ਨਵੇਂ ਦਿਸਹਿੱਦੇ ਸਿਰਜ ਰਹੇ ਹਨ ਸੁਰੀਲੇ ਕੰਠ ਦੇ ਗਾਇਕ ਫਿਰੋਜ਼ ਖਾਨ, ਜੋ ਆਪਣਾ ਨਵਾਂ ਗਾਣਾ 'ਜ਼ਮਾਨਾ 2' ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਦਾ ਇਹ ਚਰਚਿਤ ਟਰੈਕ ਅੱਜ 02 ਫਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ ਹੋ ਗਿਆ ਹੈ।
'ਆਰਜੇ ਬੀਟਸ' ਅਤੇ 'ਰਾਮ ਭੋਗਪੁਰੀਆ' ਵੱਲੋਂ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਗਏ ਉਕਤ ਟਰੈਕ ਦੇ ਗਾਇਕ ਕੰਪੋਜਰ ਫਿਰੋਜ਼ ਖਾਨ, ਸੰਗੀਤਕਰ ਗੁਰਮੀਤ ਸਿੰਘ, ਸੀਨੀਅਰ ਐਗਜ਼ੈਕਟਿਵ ਪ੍ਰੋਡਿਊਸਰ ਪੁਰੀ ਸਾਬ, ਨਿਰਮਾਤਾ ਰਾਮ ਭੋਗਪੁਰੀਆ ਹਨ, ਜਿੰਨਾਂ ਅਨੁਸਾਰ ਬਹੁਤ ਹੀ ਦਿਲ ਟੁੰਬਵੇਂ ਬੋਲਾਂ ਅਤੇ ਮਨਮੋਹਕ ਸੰਗੀਤ ਅਧੀਨ ਸੰਜੋਇਆ ਗਿਆ ਹੈ ਇਹ ਗਾਣਾ, ਜਿਸ ਨੂੰ ਅਪਣੇ ਹਰ ਗੀਤ ਦੀ ਤਰ੍ਹਾਂ ਇਸ ਬਾਕਮਾਲ ਗਾਇਕ ਦੁਆਰਾ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜੋ ਸੁਣਨ ਵਾਲਿਆਂ ਨੂੰ ਨਿਵੇਕਲੀ ਸੰਗੀਤਕ ਤਰੋ-ਤਾਜ਼ਗੀ ਦਾ ਵੀ ਇਜ਼ਹਾਰ ਕਰਵਾ ਰਿਹਾ ਹੈ।
ਸਾਲ 2016 ਵਿੱਚ ਟੀ-ਸੀਰੀਜ਼ ਦੇ ਲੇਬਲ ਅਧੀਨ ਜਾਰੀ ਹੋਏ ਅਤੇ ਬਹੁਤ ਕਰੋੜੀ ਵਿਊਅਰਸ਼ਿਪ ਹਾਸਲ ਕਰਨ ਵਿੱਚ ਸਫ਼ਲ ਰਹੇ ਗਾਣੇ 'ਜ਼ਮਾਨਾ ' ਦੇ ਦੂਸਰੇ ਚਰਨ ਵਜੋਂ ਸਾਹਮਣੇ ਲਿਆਂਦਾ ਗਿਆ ਹੈ ਉਕਤ ਗੀਤ, ਜਿਸ ਦੇ ਪਹਿਲਾਂ ਜਾਰੀ ਹੋਏ ਭਾਗ ਨੇ ਗਾਇਕ ਫਿਰੋਜ਼ ਖਾਨ ਦੇ ਕਰੀਅਰ ਨੂੰ ਉੱਚ ਬੁਲੰਦੀਆਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੂੰ ਇੱਕ ਵਾਰ ਫਿਰ ਨਵੇਂ ਸੰਗੀਤਕ ਮਾਪਦੰਡਾਂ ਅਧੀਨ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ ਹੈ।
ਨੌਜਵਾਨੀ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਪ੍ਰਭਾਵੀ ਅਤੇ ਉਮਦਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮੁਨੀਸ਼ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਬਹੁਤ ਸਾਰੇ ਫਿਲਮੀ ਗਾਣਿਆਂ ਅਤੇ ਫਿਲਮਾਂ ਨੂੰ ਚਾਰ ਚੰਨ ਲਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ।
ਪੰਜਾਬੀ ਮਿਊਜ਼ਿਕ ਸਨਅਤ ਵਿੱਚ ਲੰਮੇ ਸਾਲਾਂ ਬਾਅਦ ਵੀ ਅਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਗਾਇਕ ਫਿਰੋਜ਼ ਖਾਨ, ਜਿੰਨਾਂ ਦੁਆਰਾ ਗਾਏ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵੱਲੋਂ ਹਾਲੀਆ ਸਮੇਂ ਜਾਰੀ ਕੀਤੇ ਗਏ ਅਤੇ ਪਸੰਦ ਕੀਤੇ ਗਏ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਸਤਿਗੁਰ ਨਾਨਕ', 'ਰਾਜਾ ਸਾਹਿਬ ਦੀ ਮੇਹਰ', 'ਤੈਨੂੰ ਖਿਆਲ ਗਰੀਬਾਂ ਦਾ', 'ਨੈਣ ਜੱਟੀ ਦੇ', 'ਜਾਨ ਤੋਂ ਪਿਆਰਾ' ਆਦਿ ਸ਼ੁਮਾਰ ਰਹੇ ਹਨ।