ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਦੋਗਾਣਿਆਂ ਦਾ ਅਸਰ ਸਪੀਕਰਾਂ ਦੇ ਯੁੱਗ ਤੋਂ ਲੈ ਕੇ ਆਧੁਨਿਕਤਾ ਸੰਗੀਤ ਭਰੇ ਇਸ ਮੌਜੂਦਾ ਦੌਰ ਤੱਕ ਅਪਣਾ ਅਸਰ ਸਫਲਤਾ-ਪੂਰਵਕ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ ਹੈ, ਜਿਸ ਦੀ ਹੀ ਮਾਣਮੱਤੀ ਲੜੀ ਵਜੋਂ ਬਾਦਸਤੂਰ ਅਪਣਾ ਪ੍ਰਭਾਵੀ ਵਜ਼ੂਦ ਕਾਇਮ ਰੱਖਦੇ ਆ ਰਹੇ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਵੀਰ ਸੁਖਵੰਤ, ਜੋ ਅਪਣਾ ਨਵਾਂ ਦੋਗਾਣਾ 'ਗੱਭਰੂ ਬਲੈਕੀਆ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਫਲੋਅ ਰਿਕਾਰਡਜ਼' ਅਤੇ 'ਖੁਸ਼ਮਨਪ੍ਰੀਤ ਬੈਂਸ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਦੋਗਾਣਾ ਗੀਤ ਵਿੱਚ ਆਵਾਜ਼ਾਂ ਵੀਰ ਸੁਖਵੰਤ ਅਤੇ ਰੇਣੂ ਰਣਜੀਤ ਨੇ ਦਿੱਤੀਆਂ ਹਨ। ਇਸ ਤੋਂ ਇਲਾਵਾ ਜੇਕਰ ਇਸ ਦੋਗਾਣੇ ਦੇ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਪ੍ਰੀਤ ਲਾਡੀ ਨੇ ਕਲਮਬੱਧ ਕੀਤੇ ਹਨ, ਜਦਕਿ ਇਸ ਦਾ ਸੰਗੀਤ ਸੁਖਬੀਰ ਰੰਧਾਵਾ ਨੇ ਤਿਆਰ ਕੀਤਾ ਹੈ।
ਪੰਜਾਬੀ ਗਾਇਕੀ ਦੇ ਨਿਵੇਕਲੇ ਰੰਗਾਂ ਦੀ ਤਰਜ਼ਮਾਨੀ ਕਰਦੇ ਇਸ ਦੋਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੇ ਡੀਓਪੀ ਅਤੇ ਨਿਰਦੇਸ਼ਕ ਸਤਵਿੰਦਰ ਸਿੰਘ ਹਨ, ਜਿੰਨਾਂ ਦੀ ਟੀਮ ਅਨੁਸਾਰ ਠੇਠ ਦੇਸੀ ਕਲਚਰ ਨਾਲ ਬੁਣੇ ਗਏ ਉਕਤ ਦੋਗਾਣਾ ਗੀਤ ਨੂੰ ਚਾਰ ਚੰਨ ਲਾਉਣ ਵਿੱਚ ਇਹ ਮਿਊਜ਼ਿਕ ਵੀਡੀਓ ਅਹਿਮ ਭੂਮਿਕਾ ਨਿਭਾਵੇਗਾ, ਜਿਸ ਨੂੰ ਬਹੁਤ ਹੀ ਉੱਚ ਪੱਧਰੀ ਸਿਰਜਨਾਤਮਕਤਾ ਅਧੀਨ ਫਿਲਮਾਇਆ ਗਿਆ ਹੈ।
ਹਾਲੀਆ ਗਾਇਕੀ ਸਫ਼ਰ ਦੌਰਾਨ ਮਸ਼ਹੂਰ ਗਾਇਕਾ ਮਿਸ ਪੂਜਾ ਨਾਲ ਗਾਏ ਦੋਗਾਣੇ ਕੰਬਾਇਨ ਨਾਲ ਵੀ ਕਾਫ਼ੀ ਚਰਚਾ ਅਤੇ ਕਾਮਯਾਬੀ ਹਾਸਿਲ ਕਰ ਚੁੱਕੇ ਹਨ ਇਹ ਬਿਹਤਰੀਨ ਗਾਇਕ, ਜਿੰਨਾਂ ਨੇ ਗਾਏ ਬੇਸ਼ੁਮਾਰ ਗਾਣੇ ਸਮੇਂ ਦਰ ਸਮੇਂ ਮਕਬੂਲੀਅਤ ਦੇ ਨਵੇਂ ਰਿਕਾਰਡ ਕਾਇਮ ਕਰ ਚੁੱਕੇ ਹਨ, ਜਿੰਨਾਂ ਵਿੱਚ ਨੀਂਦ, ਯਾਦਾਂ, ਪੇਪਰ, ਦੇਸੀ ਯਾਰ, ਕਬੂਤਰ ਆਦਿ ਸ਼ੁਮਾਰ ਰਹੇ ਹਨ।
ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਗਾਇਕ ਵੀਰ ਸੁਖਵੰਤ ਥੋੜਾ ਪਰ ਚੰਗੇਰਾ ਗਾਉਣ ਨੂੰ ਵੀ ਤਰਜ਼ੀਹ ਦਿੰਦੇ ਆ ਰਹੇ ਹਨ, ਜਿੰਨਾਂ ਦੇਸ਼ ਵਿਦੇਸ਼ ਦੇ ਸੱਭਿਆਚਾਰਕ ਮੇਲਿਆ ਤੋਂ ਕੈਸਿਟਾਂ ਅਤੇ ਹੁਣ ਈਪੀ ਟ੍ਰੈਂਡ ਤੱਕ ਅਪਣੀ ਬਰਾਬਰਤਾ ਅਤੇ ਮੌਜ਼ੂਦਗੀ ਲਗਾਤਾਰ ਕਾਇਮ ਰੱਖੀ ਹੋਈ ਹੈ।