ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿਨੋ-ਦਿਨ ਪ੍ਰਭਾਵੀ ਰੂਪ ਅਖ਼ਤਿਆਰ ਕਰਦੇ ਜਾ ਰਹੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇਸ ਖੇਤਰ ਦਾ ਹਿੱਸਾ ਬਣੀਆਂ ਨਵ-ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਵਿੱਚ ਹੀ ਅਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਲੇਖਕ ਹੈਪੀ ਰੋਡੇ, ਜੋ ਬਤੌਰ ਨਿਰਦੇਸ਼ਕ ਬਣਾਈ ਅਪਣੀ ਪਲੇਠੀ ਫਿਲਮ 'ਰੋਡੇ ਕਾਲਜ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨਾਂ ਦੀ ਸਟੂਡੈਂਟ-ਰਾਜਨੀਤੀ ਦੁਆਲੇ ਬੁਣੀ ਇਸ ਬਹੁ-ਚਰਚਿਤ ਫਿਲਮ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਹੈ, ਜਿਸ ਨੂੰ 07 ਜੂਨ 2024 ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।
'ਰਾਜ ਆਸ਼ੂ ਫਿਲਮਜ਼' ਅਤੇ 'ਸਟੂਡੀਓ ਐਟ ਸੋਰਸ' ਵੱਲੋਂ ਤਹਿਜ਼ੀਬ ਫਿਲਮਜ਼ ਅਤੇ ਬਲਕਾਰ ਮੋਸ਼ਨ ਪਿਕਚਰਜ਼ ਦੇ ਸਾਥ ਨਾਲ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ 'ਜ਼ਿੰਦਾ ਹੈ ਤਾਂ ਦਿਸਣਾ ਜ਼ਰੂਰੀ' ਦੀ ਟੈਗ ਲਾਈਨ ਅਧੀਨ ਦਰਸ਼ਕਾਂ ਦੇ ਸਾਹਮਣੇ ਕੀਤਾ ਜਾ ਰਿਹਾ ਹੈ, ਜਿਸ ਦੇ ਲੇਖਕ ਅਤੇ ਨਿਰਦੇਸ਼ਕ ਹੈਪੀ ਰੋਡੇ ਜਦ ਕਿ ਨਿਰਮਾਤਾਵਾਂ ਵਿੱਚ ਆਸ਼ੂ ਅਰੋੜਾ, ਇਤੁਸ ਬਾਂਸਲ ਅਤੇ ਰਿੰਪਲ ਬਰਾੜ ਸ਼ਾਮਿਲ ਹਨ।
ਦੁਨੀਆ ਭਰ ਵਿੱਚ ਸਤਿਕਾਰਤ ਸਿੱਖਿਆ ਸੰਸਥਾਨ ਵਜੋਂ ਭੱਲ ਸਥਾਪਿਤ ਕਰ ਚੁੱਕੇ ਅਤੇ ਮਾਲਵੇ ਦੇ ਜ਼ਿਲਾ ਮੋਗਾ ਦੇ ਬਾਘਾਪੁਰਾਣਾ ਅਧੀਨ ਆਉਂਦੇ ਮਸ਼ਹੂਰ ਅਤੇ ਵੱਕਾਰੀ ਸਰਕਾਰੀ ਸਰਕਾਰੀ ਕਾਲਜ ਰੋਡੇ ਦੇ ਬੈਕ ਡਰਾਪ ਦੁਆਲੇ ਬਣੀ ਗਈ ਉਕਤ ਫਿਲਮ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਮਾਨਵ ਵਿਜ, ਯੋਗਰਾਜ, ਮਹਾਵੀਰ ਭੁੱਲਰ, ਸ਼ਵਿੰਦਰ ਵਿੱਕੀ, ਇਸ਼ਾ ਰਿਖੀ, ਸੋਨਪ੍ਰੀਤ ਜਵੰਦਾ, ਅਮਨ ਬਲ ਜਿਹੇ ਨਾਮਵਰ ਚਿਹਰੇ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਬਹੁਤ ਸਾਰੇ ਨਵ ਕਲਾਕਾਰਾਂ ਨੂੰ ਵੀ ਇਸ ਫਿਲਮ ਦਾ ਖਾਸ ਹਿੱਸਾ ਬਣਾਇਆ ਗਿਆ ਹੈ, ਜਿੰਨਾਂ ਵਿੱਚ ਜੱਸ ਢਿੱਲੋਂ, ਮਨਪ੍ਰੀਤ ਡੋਲੀ, ਫਤਹਿ ਸਿੰਘ, ਅਰੀ ਗਿੱਲ, ਪ੍ਰਦੀਪ ਘੋਲੀਆ, ਹੈਪੀ ਪ੍ਰਿੰਸ ਆਦਿ ਸ਼ੁਮਾਰ ਹਨ।
ਪਿਆਰ ਅਤੇ ਤਕਰਾਰ ਭਰੇ ਰਿਸ਼ਤਿਆਂ, ਵਿਦਿਆਰਥੀ ਰਾਜਨੀਤੀ ਅਤੇ 1990 ਤੋਂ 2011 ਤੱਕ ਦੀਆਂ ਦੋ ਪੀੜੀਆਂ ਦੀ ਆਪ ਬੀਤੀ ਦੀ ਭਾਵਨਾਤਮਕ ਕਹਾਣੀ ਬਿਆਨ ਕਰਦੀ ਉਕਤ ਫਿਲਮ ਵਿੱਚ ਸਿਖਿਆਰਥੀ ਜੀਵਨ ਉਪਰ ਅੱਜ ਪੂਰਨ ਰੂਪ ਵਿੱਚ ਹਾਵੀ ਹੋ ਚੁੱਕੀ ਰਾਜਨੀਤੀ ਦੇ ਮੁੱਢਲੇ ਉਨਾਂ ਪੜਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਬਾਖੂਬੀ ਕੀਤੀ ਗਈ ਕਿ ਜਿਸ ਦੁਆਰਾ ਹੀ ਪੈਂਡਾ ਸਰ ਮੌਜੂਦਾ ਸਮੇਂ ਤੱਕ ਇਸ ਰੁਝਾਨ ਅਤੇ ਜੜਾਂ ਨੇ ਹੋਰ ਵਿਸ਼ਾਲ ਅਤੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ।
ਨਿਰਮਾਣ ਟੀਮ ਅਨੁਸਾਰ ਫਿਲਮ ਨੂੰ ਸੱਚਾ ਰੂਪ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਹੋਰ ਮਾਣ ਦਿਵਾਉਣ ਵਿੱਚ ਵੀ ਅਹਿਮ ਯੋਗਦਾਨ ਪਾਵੇਗੀ।