ਫਰੀਦਕੋਟ: ਬਾਲੀਵੁੱਡ ਦੀ ਚਰਚਿਤ ਫ਼ਿਲਮ ਵਜੋ ਸਾਹਮਣੇ ਆਉਣ ਜਾ ਰਹੀ ਹਿੰਦੀ ਫ਼ਿਲਮ 'ਨਵਰਸ ਕਥਾ ਕੋਲਾਜ' ਟੀਮ ਪੰਜਾਬ ਦੌਰੇ 'ਤੇ ਪਹੁੰਚੀ ਹੈ। ਇਸ ਦੌਰਾਨ ਨਿਰਮਾਤਾ, ਨਿਰਦੇਸ਼ਕ, ਲੇਖਕ ਅਤੇ ਅਦਾਕਾਰ ਪ੍ਰਵੀਨ ਹਿੰਗੋਨੀਆ ਸਮੇਤ ਪੂਰੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਈ ਅਤੇ ਫਿਲਮ ਦੀ ਸਫਲਤਾ ਲਈ ਕਾਮਨਾ ਕੀਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਫ਼ਿਲਮ ਦੇ ਨਿਰਮਾਤਾ, ਲੇਖ਼ਕ ਅਤੇ ਅਦਾਕਾਰ ਪ੍ਰਵੀਨ ਹਿੰਗੋਨੀਆ ਨੇ ਦੱਸਿਆ ਕਿ ਪ੍ਰੋਡੋਕਸ਼ਨ ਦੇ ਬੈਨਰ ਹੇਠ ਪ੍ਰਸਤੁਤ ਕੀਤੀ ਜਾ ਰਹੀ ਇਹ ਸੰਦੇਸ਼ਮਕ ਫ਼ਿਲਮ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਹੈ। ਇਸਨੂੰ 58 ਤੋਂ ਵੱਧ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਪੁਰਸਕਾਰ, ਪ੍ਰਸ਼ੰਸਾ ਅਤੇ ਸਨਮਾਨ ਮਿਲ ਚੁੱਕੇ ਹਨ। ਬਾਲੀਵੁੱਡ ਗਲਿਆਰਿਆ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਹ ਫ਼ਿਲਮ ਔਰਤਾਂ ਦੀ ਅਜੋਕੀ ਸਥਿਤੀ ਅਤੇ ਅੱਜ ਵੀ ਉਨ੍ਹਾਂ ਉਪਰ ਹੋ ਰਹੇ ਮਾਨਸਿਕ ਅਤੇ ਸਰੀਰਕ ਅੱਤਿਆਚਾਰਾਂ ਨੂੰ ਦਰਸਾਉਂਦੀ ਹੈ।
ਮੁੰਬਈਆਂ ਨਗਰੀ ਵਿਚ ਬਤੌਰ ਅਦਾਕਾਰ ਅਤੇ ਬੇਹਤਰੀਣ ਫਿਲਮਾਂ ਦਾ ਹਿੱਸਾ ਰਹੇ ਪ੍ਰਵੀਨ ਹਿੰਗੋਨੀਆ ਨੇ ਇਸ ਫ਼ਿਲਮ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਕਮਰਸ਼ਿਅਲ ਹਿੱਤਾ ਤੋਂ ਇੱਕਦਮ ਪਰੇ ਹਟ ਕੇ ਬਣਾਈ ਗਈ ਇਹ ਅਰਥ-ਭਰਪੂਰ ਫ਼ਿਲਮ 'ਚੰਬਲ ਇੰਟਰਨੈਸ਼ਨਲ ਫਿਲਮ ਫੈਸਟੀਵਲ' ਵਿੱਚ ਤਿੰਨ ਪੁਰਸਕਾਰ ਅਪਣੀ ਝੋਲੀ ਪਾਉਣ ਦਾ ਮਾਣ ਹਾਸਿਲ ਕਰ ਚੁੱਕੀ ਹੈ। ਇਸ ਵਿੱਚ ਬਹੁ-ਪੱਖੀ ਅਦਾਕਾਰ ਸਵਰ ਹਿੰਗੋਨੀਆ ਨੇ ਨੌਂ ਚੁਣੌਤੀਪੂਰਨ ਕਿਰਦਾਰ ਨਿਭਾਏ ਹਨ, ਜੋ ਇਸ ਤੋਂ ਪਹਿਲਾਂ ਮਹਾਨ ਅਦਾਕਾਰ ਸੰਜੀਵ ਕੁਮਾਰ ਨੇ ਫਿਲਮ 'ਨਯਾ ਦਿਨ ਨਈ ਰਾਤ' ਵਿੱਚ ਨਿਭਾਏ ਸਨ।
ਫ਼ਿਲਮ 'ਨਵਰਸ ਕਥਾ ਕੋਲਾਜ' ਦੀ ਸਟਾਰਕਾਸਟ: ਪੰਜਾਬ ਫੇਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਅਦਾਕਾਰ, ਨਿਰਮਾਤਾ ਅਤੇ ਲੇਖ਼ਕ ਨੇ ਇਸ ਫ਼ਿਲਮ ਦੀ ਸਟਾਰ ਕਾਸਟ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਲੀਡਿੰਗ ਸਿਤਾਰਿਆਂ ਵਿੱਚ ਪਠਾਨ ਫੇਮ ਸ਼ਾਜੀ ਚੌਧਰੀ, ਦਯਾਨੰਦ ਸ਼ੈਟੀ, ਰੇਵਤੀ ਪਿੱਲਈ, ਪੰਚਾਇਤ ਫੇਮ ਸੁਨੀਤਾ ਜੀ, ਦਮ ਲਗਾ ਕੇ ਹਈਸ਼ਾ ਫੇਮ ਮਹੇਸ਼ ਸ਼ਰਮਾ, ਪ੍ਰਾਚੀ ਸਿਨਹਾ, 3 ਇਡੀਅਟਸ ਫੇਮ ਅਦਾਕਾਰ ਅਮਰਦੀਪ ਝਾਅ ਅਤੇ ਸ਼੍ਰੇਆ ਤੋਂ ਇਲਾਵਾ ਸ਼ੰਕਰ ਤ੍ਰਿਪਾਠੀ, ਈਸ਼ਾਨ ਸ਼ਰਮਾ, ਸਵਰ ਹਿੰਗੋਨੀਆ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ 'ਸਵਰਨਪਦ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣੀ ਫਿਲਮ ਨਵਰਸ ਕਥਾ ਕੋਲਾਜ ਦੀ ਪੂਰੀ ਟੀਮ ਲਈ ਇਹ ਇੱਕ ਡਰੀਮ ਪ੍ਰੋਜੈਕਟ ਵਾਂਗ ਹੈ, ਜਿਸ ਨੂੰ ਕਸ਼ਮੀਰ, ਗੁਜਰਾਤ ਅਤੇ ਭਾਰਤ ਦੇ ਕਈ ਹਿੱਸਿਆ ਵਿੱਚ ਸ਼ੂਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ:-