ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਓਟੀਟੀ ਦੇ ਖੇਤਰ ਵਿੱਚ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਦੀ ਸਿਰਜਣਾ ਕਰਨ ਦਾ ਸਿਲਸਿਲਾ ਇੰਨੀਂ-ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜਿਸ ਦੀ ਹੀ ਲੜੀ ਦਾ ਸ਼ਾਨਦਾਰ ਅਧਿਆਏ ਬਣ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਹਸੂ ਹਸੂ ਕਰਦੇ ਚਿਹਰੇ', ਜਿਸ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਜੱਸੀ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜੋ ਪਾਲੀਵੁੱਡ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਮਾਣਮੱਤੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ।
'ਅਯਾਤ ਫਿਲਮਜ਼' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦੀ ਸਿਨੇਮਾਟੋਗ੍ਰਾਫ਼ਰੀ ਹਰਪਾਲ ਗਿੱਲ ਕਰਨਗੇ, ਜੋ ਹਿੰਦੀ ਅਤੇ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਫਿਲਮਾਂ ਨੂੰ ਬਿਹਤਰੀਨ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਚੰਡੀਗੜ੍ਹ ਅਤੇ ਮੋਹਾਲੀ ਆਦਿ ਖੇਤਰਾਂ ਵਿੱਚ ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਫਿਲਮਾਈ ਜਾਣ ਵਾਲੀ ਇਸ ਖੂਬਸੂਰਤ ਦਾ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਜੱਸੀ ਗਿੱਲ ਨੇ ਦੱਸਿਆ ਕਿ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਅਤੇ ਲੜਕੀਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਅਤੇ ਉਨਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀ ਇਸ ਅਰਥ-ਭਰਪੂਰ ਫਿਲਮ ਵਿੱਚ ਕਈ ਅਣਛੂਹੇ ਸਮਾਜਿਕ ਪਹਿਲੂਆਂ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ।
ਉਨਾਂ ਹੋਰ ਵਿਸਥਾਰਕ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਸੱਚੀਆਂ ਹਾਲਾਤਾਂ ਦੁਆਲੇ ਬੁਣੀ ਗਈ ਅਤੇ ਦਿਲ ਟੁੰਬਵੀਂ ਕਹਾਣੀ ਅਧਾਰਿਤ ਇਸ ਫਿਲਮ ਦੇ ਸੰਗੀਤਕ ਅਤੇ ਹੋਰਨਾਂ ਅਹਿਮ ਪਹਿਲੂਆਂ ਨੂੰ ਵੀ ਉਮਦਾ ਸਿਰਜਣਾ ਦੇ ਰੰਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਪੂਰੀ ਟੀਮ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਝ ਵੱਖਰਾ ਅਤੇ ਮਿਆਰੀ ਸਿਨੇਮਾ ਵੇਖਣ ਦੀ ਚਾਹ ਰੱਖਦੇ ਦਰਸ਼ਕਾਂ ਦੀ ਹਰ ਕਸਵੱਟੀ 'ਤੇ ਇਹ ਫਿਲਮ ਪੂਰੀ ਖਰੀ ਉਤਰੇਗੀ।
ਹਾਲ ਹੀ ਵਿੱਚ ਸਾਹਮਣੇ ਆਈਆਂ 'ਏ ਮਿਸ਼ਨ ਰੂਟ 11', 'ਲਪਾਟਾ', 'ਅਧਿਕਾਰ', 'ਲੋਹੜੀ', 'ਲਿੰਵੀਗ ਵਿਦ ਏ ਸਟਰੈਜਰ' ਜਿਹੀਆਂ ਕਈ ਸ਼ਾਨਦਾਰ ਅਤੇ ਚਰਚਿਤ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਫਿਲਮਕਾਰ ਜੱਸੀ ਮਾਨ ਇਨੀਂ ਦਿਨੀਂ ਆਪਣੇ ਕੁਝ ਹੋਰ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿੰਨਾਂ ਦੀਆਂ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਵਿੱਚ 'ਮਾਏਂ! ਮੈਂ ਸ਼ਿਕਰਾ ਯਾਰ ਬਣਾਇਆ' ਆਦਿ ਸ਼ੁਮਾਰ ਹਨ।