ਚੰਡੀਗੜ੍ਹ: ਮੁੰਬਈ ਫਿਲਮ ਜਗਤ ਤੋਂ ਲੈ ਕੇ ਪਾਲੀਵੁੱਡ ਸਿਨੇਮਾ ਗਲਿਆਰਿਆਂ ਤੱਕ ਬਿਹਤਰੀਨ ਕੋਰੀਓਗ੍ਰਾਫਰ ਦੇ ਤੌਰ 'ਤੇ ਆਪਣੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਡਾਂਸ ਨਿਰਦੇਸ਼ਕ ਰਾਕਾ, ਜੋ ਹੁਣ ਬਤੌਰ ਫਿਲਮਕਾਰ ਨਵੀਂ ਸਿਨੇਮਾ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੇ ਹਨ, ਜਿੰਨਾਂ ਦੀ ਨਿਰਦੇਸ਼ਕ ਵਜੋਂ ਪਲੇਠੀ ਫਿਲਮ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਬਾਲੀਵੁੱਡ ਦੇ ਉੱਚ-ਕੋਟੀ ਅਤੇ ਸਫਲ ਕੋਰੀਓਗ੍ਰਾਫਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਾਲੇ ਇਸ ਹੋਣਹਾਰ ਡਾਂਸ ਮਾਸਟਰ ਅਤੇ ਨਿਰਦੇਸ਼ਕ ਨਾਲ ਉਨਾਂ ਦੇ ਹੁਣ ਤੱਕ ਦੇ ਫਿਲਮੀ ਸਫ਼ਰ ਅਤੇ ਆਗਾਮੀ ਯੋਜਨਾਵਾਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਜੇਕਰ ਮਾਇਆਨਗਰੀ ਵਿੱਚ ਆਪਣੇ ਤੈਅ ਕੀਤੇ ਪੈਂਡੇ ਦੀ ਗੱਲ ਕਰਾਂ ਤਾਂ ਸ਼ੁਰੂਆਤ ਸਹਾਇਕ ਡਾਂਸ ਮਾਸਟਰ ਦੇ ਤੌਰ 'ਤੇ ਹੋਈ, ਜਿਸ ਦੌਰਾਨ ਹਿੰਦੀ ਫਿਲਮਾਂ ਦੇ ਕਈ ਸ਼ਾਨਦਾਰ ਅਤੇ ਮੰਝੇ ਹੋਏ ਕੋਰੀਓਗ੍ਰਾਫਰਜ਼ ਨਾਲ ਕੰਮ ਕਰਨ ਦਾ ਅਵਸਰ ਮਿਲਿਆ, ਜਿੰਨਾਂ ਪਾਸੋਂ ਡਾਂਸ ਅਤੇ ਫਿਲਮ ਖੇਤਰ ਦੀਆਂ ਬਰੀਕੀਆਂ ਨੂੰ ਜਾਣਨ ਅਤੇ ਸਮਝਣ ਵਿੱਚ ਕਾਫ਼ੀ ਮਦਦ ਮਿਲੀ।
ਹਿੰਦੀ ਅਤੇ ਪੰਜਾਬੀ ਦੇ ਨਾਲ-ਨਾਲ ਮਰਾਠੀ-ਤਮਿਲ-ਤੇਲਗੂ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜ ਚੁੱਕੇ ਇਸ ਬਿਹਤਰੀਨ ਸਿਨੇਮਾ ਕੋਰਿਓਗ੍ਰਾਫ਼ਰ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਨਾਂ ਵਿੱਚ ਹਿੰਦੀ 'ਏਕ ਤਾਂ ਟਾਈਗਰ', 'ਜਬ ਵੀ ਮੇਟ', 'ਰੇਸ', 'ਰਿਸਕਨਾਮਾ', 'ਸ਼ੁੱਭ ਮੰਗਲ ਸਾਵਧਾਨ', 'ਇਕ ਹਸੀਨਾ ਥੀ ਇਕ ਦੀਵਾਨਾ ਥਾ', 'ਨਿਲ ਬਟੇ ਸਨਾਟਾ', 'ਥੈਕਯੂ', 'ਤੇਰੀ ਮੇਰੀ ਕਹਾਣੀ', 'ਹੈਪੀ ਹਾਰਡੀ ਹੀਰ', 'ਕਰਲੇ ਪਿਆਰ ਕਰਲੇ', 'ਨੋ ਪ੍ਰੋਬਲਮ', 'ਲਫੰਗੇ ਪਰਿੰਦੇ', 'ਆਈ ਹੇਟ ਲਵ ਸਟੋਰੀਜ਼', 'ਪ੍ਰਿੰਸ', 'ਕੁਰਬਾਨ', 'ਗੋਡ ਤੁਸੀਂ ਗ੍ਰੇਟ ਹੋ', 'ਵੈਲਕਮ', 'ਪਾਰਟਨਰ' ਤੋਂ ਇਲਾਵਾ ਪੰਜਾਬੀ 'ਡਬਲ ਦੀ ਟ੍ਰਬਲ, 'ਭਾਜੀ ਇਨ ਪ੍ਰੋਬਲਮ', 'ਬੈਸਟ ਆਫ ਲੱਕ', 'ਲੱਕੀ ਦੀਆਂ ਅਣਲੱਕੀ ਸਟੋਰੀ', 'ਦੂਰਬੀਨ', 'ਮੁੰਡਾ ਰੌਕਸਟਾਰ' ਆਦਿ ਸ਼ਾਮਿਲ ਰਹੀਆਂ ਹਨ।
ਮੁੰਬਈ ਦੇ ਕਈ ਵੱਡੇ ਸਟਾਰਜ਼ ਨੂੰ ਆਪਣੀਆਂ ਉਂਗਲੀਆਂ ਦੇ ਇਸ਼ਾਰਿਆਂ 'ਤੇ ਨਚਾ ਚੁੱਕੇ ਇਸ ਸ਼ਾਨਦਾਰ ਕੋਰੀਓਗ੍ਰਾਫਰ ਨੇ ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਕੋਰੀਓਗ੍ਰਾਫਰ ਵਿੱਚ ਵਿਲੱਖਣਤਾ ਭਰੀਆਂ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਬਾਅਦ ਹੁਣ ਨਿਰਦੇਸ਼ਕ ਦੇ ਤੌਰ 'ਤੇ ਵੀ ਕੁਝ ਅਲਹਦਾ ਕਰਨ ਦੀ ਖਾਹਿਸ਼ ਰੱਖਦਾ ਹਾਂ, ਜਿਸ ਦੇ ਮੱਦੇਨਜ਼ਰ ਅਜਿਹੀਆਂ ਫਿਲਮਾਂ ਦੀ ਸਿਰਜਨਾ ਕਰਨਾ ਤਰਜੀਹ ਰਹੇਗੀ, ਜੋ ਕੋਰੀਓਗ੍ਰਾਫਰੀ ਵਿੱਚ ਮਨਮੋਹਕਤਾ ਦਾ ਇਜ਼ਹਾਰ ਕਰਵਾਏਗੀ ਬਲਕਿ ਇਸ ਦੇ ਹੋਰਨਾਂ ਪੱਖਾਂ 'ਚ ਵੀ ਵੱਖਰਤਾ ਝਲਕੇਗੀ।
ਉਨਾਂ ਡਾਇਰੈਕਟੋਰੀਅਲ ਫਿਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਫਿਲਹਾਲ ਇਸ ਬਾਰੇ ਜਿਆਦਾ ਰਿਵੀਲ ਨਹੀਂ ਕਰ ਸਕਦਾ, ਪਰ ਏਨੀ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਸ ਤਰਾਂ ਕੋਰੀਓਗ੍ਰਾਫਰ ਵਜੋਂ ਗਾਣਿਆਂ ਨੂੰ ਗੁਣਵੱਤਾ ਅਤੇ ਖੂਬਸੂਰਤੀ ਦੇਣਾ ਪਹਿਲਕਦਮੀ ਰਹੀ ਹੈ, ਉਸੇ ਤਰ੍ਹਾਂ ਨਿਰਦੇਸ਼ਤ ਫਿਲਮ ਵੀ ਸਿਨੇਮਾ ਮੁਹਾਂਦਰੇ ਨੂੰ ਹੋਰ ਸੋਹਣੇ ਅਤੇ ਪ੍ਰਭਾਵੀ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।