ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਅਤੇ ਕਾਮਯਾਬ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ, ਜੋ ਆਪਣੇ ਇੱਕ ਵਿਸ਼ੇਸ਼ ਈਪੀ 'ਬੀਐਫਏਐਮ' (ਬ੍ਰਦਰ ਫਰੌਮ ਅਨਦਰ ਮਦਰ) ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੋਵਾਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਸਜਿਆ ਇਸੇ ਈਪੀ ਦਾ ਪਹਿਲਾਂ ਅਤੇ ਸ਼ਾਨਦਾਰ ਗੀਤ ਅੱਜ ਸ਼ਾਮ ਵੱਖ-ਵੱਖ ਪਲੇਟਫਾਰਮ ਉਤੇ ਜਾਰੀ ਹੋਵੇਗਾ।
'ਵੇਹਲੀ ਜਨਤਾ ਰਿਕਾਰਡਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਜਾਰੀ ਕੀਤੇ ਜਾ ਰਹੇ ਇਸ ਈਪੀ ਵਿਚਲੇ ਉਕਤ ਟਾਈਟਲ ਗਾਣੇ ਦੇ ਧਮਾਲ ਪਾਉਂਦੇ ਬੋਲ ਤਰਸੇਮ ਜੱਸੜ ਵੱਲੋਂ ਹੀ ਰਚੇ ਗਏ ਹਨ, ਜਦਕਿ ਇਸ ਦਾ ਸੰਗੀਤ ਸਹਿਜ ਡੀਓਸੀ ਦੁਆਰਾ ਤਿਆਰ ਕੀਤਾ ਗਿਆ ਹੈ।
ਸੰਗੀਤ ਪੇਸ਼ਕਾਰ ਅਤੇ ਨਿਰਮਾਤਾ ਮਨਪ੍ਰੀਤ ਜੌਹਲ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਇਸ ਬਿੱਗ ਸੰਗੀਤਕ ਪ੍ਰੋਜੈਕਟ ਸੰਬੰਧਤ ਮਿਊਜ਼ਿਕ ਵੀਡੀਓਜ਼ ਵੀ ਬੇਹੱਦ ਉੱਚ ਪੱਧਰੀ ਮਾਪਦੰਢਾਂ ਅਧੀਨ ਫਿਲਮਾਏ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਏਗਾ ਉਕਤ ਰਿਲੀਜ਼ ਹੋ ਰਿਹਾ ਗਾਣਾ, ਜਿਸ ਦੀ ਨਿਰਦੇਸ਼ਨਾ ਰਾਹੁਲ ਚਾਹਲ ਵੱਲੋਂ ਕੀਤੀ ਗਈ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਈਪੀ ਨੂੰ ਲੈ ਕੇ ਦੋਹੇ ਗਾਇਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲੋਬਰੇਸ਼ਨ ਅਧੀਨ ਸਾਹਮਣੇ ਆਉਣ ਜਾ ਰਹੇ ਉਕਤ ਈਪੀ ਦੇ ਇਸ ਪਹਿਲੇ ਟਰੈਕ ਨੂੰ ਲੈ ਕੇ ਸਰੋਤਿਆਂ, ਦਰਸ਼ਕਾਂ ਅਤੇ ਇੰਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਭਾਰੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।
ਓਧਰ ਜੇਕਰ ਕਰੀਅਰ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਗਾਇਕ ਅੱਜਕੱਲ੍ਹ ਕਾਫ਼ੀ ਸੰਗੀਤਕ ਪ੍ਰੋਜੈਕਟਸ ਨੂੰ ਅਲੱਗ-ਅਲੱਗ ਰੂਪ ਵਿੱਚ ਅੰਜ਼ਾਮ ਦਿੰਦੇ ਨਜ਼ਰੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਜੇਕਰ ਤਰਸੇਮ ਜੱਸੜ ਦੇ ਮੌਜੂਦਾ ਕਰੀਅਰ ਰੁਝੇਵਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਆਪਣੇ ਨਵੇਂ ਫਿਲਮ ਪ੍ਰੋਜੈਕਟਸ ਨੂੰ ਲੈ ਕੇ ਬੇਹੱਦ ਤਰੱਦਦਸ਼ੀਲ ਵਿਖਾਈ ਦੇ ਰਹੇ ਹਨ, ਜਿਸ ਸੰਬੰਧੀ ਸ਼ੁਰੂ ਹੋਣ ਵਾਲੀ ਨਵੀਂ ਪੰਜਾਬੀ ਫਿਲਮ ਦਾ ਰਸਮੀ ਐਲਾਨ ਵੀ ਉਨ੍ਹਾਂ ਦੀ ਘਰੇਲੂ ਸੰਗੀਤ ਨਿਰਮਾਣ ਕੰਪਨੀ 'ਵੇਹਲੀ ਜਨਤਾ' ਵੱਲੋਂ ਜਲਦ ਹੀ ਕੀਤਾ ਜਾਵੇਗਾ।