ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਵਿਲੱਖਣ ਅਤੇ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸਵੀਤਾਜ ਬਰਾੜ, ਜੋ ਹੁਣ ਆਪਣੇ ਮਰਹੂਮ ਪਿਤਾ ਰਾਜ ਬਰਾੜ ਦੀ ਸੰਗੀਤਕ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਲਈ ਗਾਇਕੀ ਪਿੜ ਵਿੱਚ ਹੋਰ ਸਰਗਰਮ ਹੁੰਦੀ ਨਜ਼ਰੀ ਆ ਰਹੀ ਹੈ, ਜਿਸ ਦਾ ਹੀ ਇਜ਼ਹਾਰ ਅਤੇ ਅਹਿਸਾਸ ਕਰਾਉਣ ਜਾ ਰਿਹਾ ਉਸਦਾ ਨਵਾਂ ਰਿਲੀਜ਼ ਹੋ ਰਿਹਾ ਗਾਣਾ 'ਸੂਟ ਗਾਜਰੀ', ਜਿਸ ਵਿੱਚ ਉਸ ਵੱਲੋਂ ਮਸ਼ਹੂਰ ਗਾਇਕਾ ਮੰਨਤ ਨੂਰ ਨਾਲ ਪਹਿਲੀ ਵਾਰ ਸੰਗੀਤਕ ਸਹਿਯੋਗ ਕੀਤਾ ਗਿਆ ਹੈ।
'ਮਿਊਜ਼ਿਕ ਬੈਂਕ' ਦੇ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਟਰੈਕ ਦਾ ਮਿਊਜ਼ਿਕ ਸਚਿਨ ਆਹੂਜਾ ਨੇ ਤਿਆਰ ਕੀਤਾ ਹੈ, ਜਦਕਿ ਗੀਤ ਦੇ ਬੋਲ ਮਾਨ ਚੱਕ ਵਾਲਾ ਨੇ ਲਿਖੇ ਹਨ, ਜਿੰਨਾਂ ਅਨੁਸਾਰ ਪੰਜਾਬੀ ਵੰਨਗੀਆਂ ਦੀ ਤਰਜ਼ਮਾਨੀ ਕਰਦਾ ਇਹ ਬੀਟ ਗੀਤ ਪੰਜਾਬੀ ਵਿਆਹਾਂ ਵਿਚ ਪੈਂਦੀਆਂ ਧਮਾਲਾਂ ਅਤੇ ਮੁਟਿਆਰਾਂ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਵੀ ਪ੍ਰਤੀਬਿੰਬ ਕਰੇਗਾ।
ਉਨਾਂ ਅੱਗੇ ਦੱਸਿਆ ਕਿ ਪੰਜਾਬੀ ਮਿਊਜ਼ਿਕ ਜਗਤ ਵਿੱਚ ਆਪਣੇ ਨਿਵੇਕਲੇ ਸੰਗੀਤਕ ਮੁਹਾਂਦਰੇ ਦੇ ਮੱਦੇਨਜ਼ਰ ਚਰਚਾ ਦਾ ਵਿਸ਼ਾ ਬਣੇ ਇਸ ਟਰੈਕ ਦੇ ਨਿਰਮਾਤਾ ਪੰਕਜ ਆਹੂਜਾ ਅਤੇ ਸ਼ਵੇਤਾ ਆਹੂਜਾ ਹਨ, ਜਿੰਨਾਂ ਵੱਲੋਂ ਬਹੁਤ ਹੀ ਬਿਹਤਰੀਨ ਰੂਪ ਵਿਚ ਇਸ ਗਾਣੇ ਨੂੰ ਜਾਰੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਪੁਰਾਤਨ ਮਾਹੌਲ ਅਤੇ ਰੰਗਲੇ ਰਹੇ ਰੰਗਾਂ ਨੂੰ ਮੁੜ ਜੀਵੰਤ ਕਰਨ ਜਾ ਰਹੇ ਉਕਤ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਫਿਲਮਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਲਕਸ਼ ਕੁਮਾਰ ਵੱਲੋਂ ਕੀਤਾ ਗਿਆ, ਜਦ ਕਿ ਇਸ ਨਾਲ ਸੰਬੰਧਤ ਕਾਸਟਿਊਮ ਡਿਜ਼ਾਈਨਿੰਗ ਨਿਮਰਤ ਕਾਹਲੋਂ ਵੱਲੋਂ ਕੀਤੀ ਗਈ ਹੈ, ਜਿੰਨਾਂ ਦੁਆਰਾ ਸਿਰਜਿਆ ਗਿਆ ਠੇਠ ਪੰਜਾਬੀ ਪਹਿਰਾਵਾ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਪਾਲੀਵੁੱਡ ਦੀ ਉਮਦਾ ਅਦਾਕਾਰਾ ਅਤੇ ਇਸ ਸਿਨੇਮਾ ਦੀਆਂ ਉੱਚ-ਕੋਟੀ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੀ ਹੈ ਅਦਾਕਾਰਾ ਸਵਿਤਾਜ ਬਰਾੜ, ਜਿਸ ਦੇ ਮੌਜੂਦਾ ਵਰਕਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ-ਨਾਲ ਇਹ ਅਦਾਕਾਰਾ ਫਿਲਮੀ ਖਿੱਤੇ ਵਿੱਚ ਵੀ ਬਰਾਬਰਤਾ ਨਾਲ ਅਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ, ਜਿਸ ਦਾ ਪ੍ਰਗਟਾਵਾ ਹਾਲ ਹੀ ਵਿੱਚ ਰਿਲੀਜ਼ ਹੋਈ ਉਸਦੀ ਬਹੁ-ਚਰਚਿਤ ਪੰਜਾਬੀ ਫਿਲਮ 'ਤੇਰੇ ਲਈ' ਵੀ ਕਰਵਾ ਚੁੱਕੀ ਹੈ, ਜਿਸ ਵਿਚ ਉਸ ਵੱਲੋਂ ਹਰੀਸ਼ ਵਰਮਾ ਦੇ ਨਾਲ ਲੀਡ ਭੂਮਿਕਾ ਅਦਾ ਕੀਤੀ ਗਈ ਸੀ, ਜਿਸ ਨੂੰ ਦਰਸ਼ਕਾਂ ਅਤੇ ਫਿਲਮ ਕ੍ਰਿਟਿਕਸ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।