ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਬਤੌਰ ਅਦਾਕਾਰ, ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ ਸੁਰਿੰਦਰ ਸਿੰਘ, ਜੋ ਹੁਣ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦਾ ਜਾ ਰਿਹਾ ਹੈ, ਜਿਸ ਦੇ ਵਿਸ਼ਾਲ ਅਧਾਰ ਅਖ਼ਤਿਆਰ ਕਰਦੇ ਜਾ ਰਹੇ ਫਿਲਮੀ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਸ ਦੀ ਨਵੀਂ ਫਿਲਮ 'ਮਿੱਠੀਏ', ਜੋ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਹੋਣ ਜਾ ਰਹੀ ਹੈ।
'ਸੁਰਿੰਦਰ ਸਿੰਘ ਫਿਲਮਜ਼' ਅਤੇ 'ਕਪੂਰ ਫਿਲਮਜ਼ ਪ੍ਰੋਡੋਕਸ਼ਨ ਅਤੇ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਐਸ ਐਸ ਫਿਲਮਜ਼, ਜਯੋਤੀ ਕਪੂਰ, ਜੋਗਿੰਦਰ ਸਿੰਘ ਰਿਹਾਲ ਜਦਕਿ ਨਿਰਦੇਸ਼ਨ ਹਰਜੀਤ ਜੱਸਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਅਰਥ-ਭਰਪੂਰ ਫਿਲਮਾਂ ਨਾਲ ਫਿਲਮਕਾਰ ਦੇ ਰੂਪ ਜੁੜੇ ਰਹੇ ਹਨ।
ਦਿਲ ਟੁੰਬਵੇਂ ਵਿਸ਼ੇ ਸਾਰ ਅਧੀਨ ਬਣਾਈ ਗਈ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਵਿੱਚ ਸੁਰਿੰਦਰ ਸਿੰਘ ਅਤੇ ਯੂਨੀਕ ਮੁਸਕਾਨ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਣਧੀਰ ਸਿੱਧੂ, ਮੈਂਡੀ ਭੁੱਲਰ, ਕੁਲਦੀਪ ਕੌਰ, ਰਵਿੰਦਰ ਨਯਅਰ, ਸੋਨੂੰ ਬਰੋਚਾ, ਜੈਸਮੀਨ ਕੌਰ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਮੂਲ ਰੂਪ ਵਿੱਚ ਪੰਜਾਬ ਦੇ ਉਦਯੋਗਿਕ ਜਿਲੇ ਲੁਧਿਆਣਾ ਨਾਲ ਸੰਬੰਧਿਤ ਅਦਾਕਾਰ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਫਿਲਮ ਡਿਸਟਰੀਬਿਊਸ਼ਨ ਦੇ ਖਿੱਤੇ ਵਿੱਚ ਵੀ ਅਪਣਾ ਘੇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜੋ ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਅਣਰਿਲੀਜ਼ ਰਹੀਆਂ ਵੱਡੀਆਂ ਫਿਲਮਾਂ ਨੂੰ ਥੀਏਟਰਾਂ ਤੱਕ ਪਹੁੰਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀਆਂ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਅਮਿਤਾਬ ਬੱਚਨ ਸਟਾਰਰ ਸਾਊਥ ਫਿਲਮ 'ਕੰਧਾਰ', ਜਿਸ ਨੂੰ ਹਿੰਦੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਡਬ ਕੀਤੇ ਜਾਣ ਦੀ ਕਵਾਇਦ ਇੰਨੀਂ ਦਿਨੀਂ ਤੇਜ਼ੀ ਨਾਲ ਜਾਰੀ ਹੈ।
ਬਤੌਰ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਅਪਣੇ ਫਿਲਮ ਕਰੀਅਰ ਦਾ ਅਗਾਜ਼ ਕਰਨ ਵਾਲੇ ਅਤੇ ਬਹੁਪੱਖੀ ਪ੍ਰਤਿਭਾ ਦੇ ਧਨੀ ਸੁਰਿੰਦਰ ਸਿੰਘ ਅਪਣੀ ਉਕਤ ਨਵੀਂ ਫਿਲਮ 'ਮਿੱਠੀਏ' ਨੂੰ ਲੈ ਕੇ ਅੱਜਕੱਲ੍ਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਪਣੇ ਮਨੀ ਵਲਵਲਿਆਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਸਾਧਾਰਨ ਪਰਿਵਾਰ ਅਤੇ ਨਿੱਕੇ ਜਿਹੇ ਘਰ ਤੋਂ ਉੱਠ ਮੁੰਬਈ ਮਹਾਂਨਗਰ ਵਿੱਚ ਵਜ਼ੂਦ ਸਥਾਪਿਤ ਕਰਨਾ ਉਨ੍ਹਾਂ ਲਈ ਬੇਹੱਦ ਮਾਣ ਭਰਿਆ ਪੈਂਡਾ ਰਿਹਾ ਹੈ, ਜਿਸ ਦੇ ਹਰ ਪੜਾਅ ਨੂੰ ਸੰਪੰਨ ਕਰਵਾਉਣ ਵਿੱਚ ਪਰਿਵਾਰ ਦੇ ਨਾਲ-ਨਾਲ ਚਾਹੁੰਣ ਵਾਲਿਆ ਦੀਆਂ ਦੁਆਵਾਂ ਅਤੇ ਦਿੱਤੇ ਹੌਂਸਲੇ ਦਾ ਵੀ ਅਹਿਮ ਯੋਗਦਾਨ ਰਿਹਾ ਹੈ।
ਇਹ ਵੀ ਪੜ੍ਹੋ: