ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪਣਾ ਨਾਂ ਸੁਨਹਿਰੇ ਹਰਫਾਂ ਵਿੱਚ ਲਿਖਵਾਉਣ ਵਿੱਚ ਸਫਲ ਰਹੇ ਹਨ ਲੋਕ ਗਾਇਕ ਸੁਖਸ਼ਿੰਦਰ ਸ਼ਿੰਦਾ, ਜੋ ਇਸ ਵਰ੍ਹੇ 2024 ਦਾ ਆਪਣਾ ਪਹਿਲਾਂ ਗਾਣਾ 'ਪੀਐਮ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਾਂ, ਜਿੰਨਾਂ ਦਾ ਇਹ ਨਵਾਂ ਗਾਣਾ ਜਲਦੀ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਦੱਸਿਆ ਕਿ ਇਸ ਬੀਟ ਅਤੇ ਅਰਥ-ਭਰਪੂਰ ਗਾਣੇ ਦਾ ਵੀਡੀਓ ਵੀ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਨੂੰ ਪਰਵਿੰਦਰ ਪਿੰਕੂ ਵੱਲੋਂ ਤਿਆਰ ਕੀਤਾ ਗਿਆ ਹੈ।
ਦੁਨੀਆ ਭਰ ਵਿੱਚ ਆਪਣੀ ਨਾਯਾਬ ਗਾਇਨ ਸ਼ੈਲੀ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨਾਂ ਨੇ ਦੱਸਿਆ ਕਿ ਵਿਦੇਸ਼ੀ ਸੋਅਜ਼ ਦੇ ਲਗਾਤਾਰ ਰਹੇ ਰੁਝੇਵਿਆਂ ਦੇ ਮੱਦੇਨਜ਼ਰ ਉਹ ਲੰਮੇਂ ਸਮੇਂ ਬਾਅਦ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਵੱਲੋਂ ਅਪਣੇ ਪ੍ਰਸ਼ੰਸਕਾਂ ਦੀ ਪਸੰਦ ਅਨੁਸਾਰ ਇਹ ਨਵਾਂ ਗਾਣਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਜੋ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ।
ਉਨਾਂ ਅੱਗੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਉਨਾਂ ਹਮੇਸ਼ਾ ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗਾਣਿਆਂ ਨੂੰ ਗਾਉਣ ਤਰਜੀਹ ਦਿੱਤੀ ਹੈ, ਜਿਸ ਦੀ ਮਾਣਮੱਤੀ ਲੜੀ ਨੂੰ ਹੋਰ ਅੱਗੇ ਵਧਾਉਣ ਜਾ ਰਿਹਾ ਹੈ, ਉਨਾਂ ਦਾ ਇਹ ਨਵਾਂ ਗਾਣਾ, ਜਿਸ ਵਿਚ ਪੰਜਾਬੀਅਤ ਵੰਨਗੀਆਂ ਦੇ ਕਈ ਰੰਗ ਵੇਖਣ ਨੂੰ ਮਿਲਣਗੇ।
ਪੰਜਾਬ ਦੇ ਦੁਆਬਾ ਖਿੱਤੇ ਅਧੀਨ ਆਉਂਦੇ ਜ਼ਿਲ੍ਹਾਂ ਹੁਸ਼ਿਆਰਪੁਰ ਨਾਲ ਸੰਬੰਧਿਤ ਇਹ ਬਾਕਮਾਲ ਗਾਇਕ ਯੂਨਾਈਟਡ ਕਿੰਗਡਮ ਦੇ ਉੱਚ ਕੋਟੀ ਸੰਗੀਤ ਸਿਤਾਰੇ ਅਤੇ ਭੰਗੜਾ ਕਿੰਗ ਵੱਜੋਂ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਸ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਦੇ ਸੁਪਰ ਹਿੱਟ ਰਹੇ ਗਾਣਿਆਂ ਵਿੱਚ 'ਦਿਲਦਾਰੀਆਂ','ਪੰਜਾਬੀ', 'ਨਾਨਕਾ ਮੇਲ', 'ਅੱਖੀਆਂ', 'ਸੋਹਣੀ ਲੱਗਦੀ', 'ਸੋਹਣੀ ਕੁੜੀ', 'ਤੇਰਾ ਨਾਂ', 'ਹੱਸਦੀ ਨੇ ਦਿਲ ਮੰਗਿਆ', 'ਖੁਸ਼ੀਆਂ', 'ਗਿੱਧਿਆ ਦੀ ਰਾਣੀ' ਆਦਿ ਸ਼ੁਮਾਰ ਰਹੇ ਹਨ।
ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਉਨਾਂ ਦੱਸਿਆ ਕਿ ਜਲਦੀ ਉਨਾਂ ਦੇ ਗਾਏ ਕੁਝ ਗੀਤ ਪੰਜਾਬੀ ਫਿਲਮਾਂ ਵਿੱਚ ਵੀ ਸੁਣਨ ਨੂੰ ਮਿਲਣਗੇ, ਜਿਸ ਤੋਂ ਇਲਾਵਾ ਆਪਣੇ ਕੁਝ ਹੋਰ ਟਰੈਕ ਲੈ ਕੇ ਵੀ ਉਹ ਅਗਲੇ ਦਿਨੀਂ ਫਿਰ ਸਾਹਮਣੇ ਆਉਣਗੇ।