ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ 'ਗੀਤਾਂ ਦੀ ਮਸ਼ੀਨ' ਨਾਲ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਆਪਣੇ ਨਵੇਂ ਗੀਤ 'ਤੌਬਾ ਤੌਬਾ' ਨਾਲ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਇਸ ਗੀਤ ਨੇ ਹੁਣ ਤੱਕ ਯੂਟਿਊਬ ਉਤੇ 75 ਮਿਲੀਅਨ ਵਿਊਜ਼ ਹਾਸਿਲ ਕਰ ਲਏ ਹਨ, ਇਸ ਦੇ ਨਾਲ ਹੀ ਇਹ ਗੀਤ ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਕਾਫੀ ਸਾਰੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਛਾਇਆ ਹੋਇਆ ਹੈ।
ਹੁਣ ਇਸ ਸਭ ਦੇ ਵਿਚਕਾਰ ਗਾਇਕ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਚਿੰਤਾ ਵਿੱਚ ਪੈ ਗਏ ਹਨ। ਦਰਅਸਲ, ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਆਪਣੇ ਨਵੇਂ ਗੀਤ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਵੀਡੀਓ ਨੂੰ ਗਾਇਕ ਨੇ ਖੁਦ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, 'ਮਿੱਤਰ ਨੀ ਜਾਣਦੇ, WHO THEY? ਸੰਗੀਤ ਵੀਡੀਓ ਸਾਹਮਣੇ ਆ ਗਈ ਹੈ, ਇਸ ਸ਼ੂਟਿੰਗ ਨਾਲ ਲਗਭਗ ਮੇਰੀ ਗਰਦਨ ਟੁੱਟ ਜਾਣੀ ਸੀ।' ਇਸ ਵੀਡੀਓ ਵਿੱਚ ਕਰਨ ਔਜਲਾ ਰੇਸਰ ਕਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਤੇਜ਼ ਰਫਤਾਰ ਕਾਰਨ ਕਾਰ ਪਲਟ ਗਈ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਉਨ੍ਹਾਂ ਨੂੰ ਬਚਾਉਣ ਲਈ ਭੱਜੇ। ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਇਹ ਹੈ ਗਾਇਕ ਸੁਰੱਖਿਅਤ ਹਨ।
ਹੁਣ ਜਦੋਂ ਤੋਂ ਇਹ ਵੀਡੀਓ ਸ਼ੋਸਲ ਮੀਡੀਆ ਦਾ ਹਿੱਸਾ ਬਣੀ ਹੈ, ਪ੍ਰਸ਼ੰਸਕ ਇਸ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਬਾਈ ਜੀ ਬਚਕੇ ਬਚਕੇ।' ਇੱਕ ਹੋਰ ਨੇ ਲਿਖਿਆ, 'ਭਾਈ, ਥੋੜਾ ਧਿਆਨ ਰੱਖੋ।' ਇਸੇ ਤਰ੍ਹਾਂ ਹੋਰ ਯੂਜ਼ਰਸ ਵੀ ਗਾਇਕ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਦੇਖੇ ਗਏ ਹਨ।
ਕੌਣ ਹੈ ਕਰਨ ਔਜਲਾ: ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸ਼ਾਨਦਾਰ ਗਾਇਕ ਅਤੇ ਗੀਤਕਾਰ ਹੈ। ਕਰਨ ਔਜਲਾ ਦਾ ਪੂਰਾ ਨਾਂਅ ਜਸਕਰਨ ਸਿੰਘ ਔਜਲਾ ਹੈ। ਗਾਇਕੀ ਖੇਤਰ ਵਿੱਚ ਔਜਲਾ ਨੂੰ 'ਡੌਂਟ ਵੌਰੀ' ਗੀਤ ਨਾਲ ਸਫਲਤਾ ਮਿਲੀ ਹੈ। ਜ਼ਿਲ੍ਹਾਂ ਲੁਧਿਆਣਾ ਦੇ ਰਹਿਣ ਵਾਲੇ ਗਾਇਕ ਅੱਜ ਕੱਲ੍ਹ ਵਿਦੇਸ਼ੀ ਧਰਤੀ ਉਤੇ ਜੀਵਨ ਜਿਉਂ ਰਹੇ ਹਨ।
- ਕੀ ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਕੇ ਪੈ ਜਾਣਗੀਆਂ ਢਿੱਡੀ ਪੀੜਾਂ - Song Tauba Tauba
- ਕਿਲੀ ਪੌਲ ਨੇ ਕੀਤਾ ਕਰਨ ਔਜਲਾ ਦੇ ਗੀਤ 'ਤੌਬਾ ਤੌਬਾ' ਉਤੇ ਡਾਂਸ, ਪ੍ਰਸ਼ੰਸਕ ਹੋਏ ਹੈਰਾਨ - Kili Paul Dance Video
- ਕਰਨ ਔਜਲਾ ਅਤੇ ਬਾਦਸ਼ਾਹ ਨੇ ਪੰਜਾਬੀ ਗੀਤਾਂ ਉਤੇ ਨੱਚਾਇਆ ਪੂਰਾ ਬਾਲੀਵੁੱਡ, ਦੇਖੋ ਸ਼ਾਨਦਾਰ ਵੀਡੀਓਜ਼ - Karan Aujla And Badshah
ਉਲੇਖਯੋਗ ਹੈ ਕਿ ਆਪਣੀਆਂ ਕਈਆਂ ਇੰਟਰਵਿਊਜ਼ ਦੌਰਾਨ ਗਾਇਕ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਗਾਇਕੀ ਸਫ਼ਲ ਕਾਫੀ ਕਠਿਨਾਈਆਂ ਨਾਲ ਭਰਿਆ ਹੋਇਆ ਰਿਹਾ ਹੈ। ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਗਾਇਕ ਦੇ ਸਿਰ ਤੋਂ ਮਾਤਾ-ਪਿਤਾ ਦਾ ਛਾਇਆ ਉਠ ਗਿਆ ਸੀ। ਹੁਣ ਤੱਕ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ, ਜਿਸ ਵਿੱਚ 'ਚਿੱਟਾ ਕੁੜਤਾ', 'ਚੁੰਨੀ ਮੇਰੀ ਰੰਗ ਦੇ ਲਲਾਰੀਆਂ'(ਸੋਫਟੀ), 'ਕਿਆ ਬਾਤ ਹੈ', 'ਝਾਂਜਰ' ਵਰਗੇ ਅਨੇਕਾਂ ਗੀਤ ਹਨ। ਇਸ ਤੋਂ ਇਲਾਵਾ ਗਾਇਕ ਦਾ ਨਾਂਅ ਕਈ ਵਿਵਾਦਾਂ ਨਾਲ ਵੀ ਵਿੱਚ ਜੁੜ ਚੁੱਕਿਆ ਹੈ।