ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਯਾਮ ਸਿਰਜਣ ਵਿੱਚ ਸਫ਼ਲ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਆਪਣੀ ਨਵੀਂ ਐਲਬਮ 'ਮੁਹੱਬਤਾਂ ਦਾ ਪਿੰਡ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।
'ਬੁਲ 18' ਦੇ ਸੰਗੀਤਕ ਲੇਬਲ ਅਧੀਨ ਜਾਰੀ ਕੀਤੀ ਜਾ ਰਹੀ ਇਸ ਐਲਬਮ ਵਿੱਚ ਕੁੱਲ ਛੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿਚਲੇ ਗੀਤਾਂ ਨੂੰ ਆਵਾਜ਼ ਸੁਰਜੀਤ ਭੁੱਲਰ ਵੱਲੋਂ ਦਿੱਤੀ ਗਈ ਹੈ, ਜਦਕਿ ਇੰਨ੍ਹਾਂ ਦਾ ਸੰਗੀਤ ਜੋਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਨਾਲ ਪਹਿਲਾਂ ਵੀ ਗਾਇਕ ਸਰਜੀਤ ਭੁੱਲਰ ਦੀ ਸੰਗੀਤਕ ਟਿਊਨਿੰਗ ਬਹੁਤ ਹੀ ਸ਼ਾਨਦਾਰ ਰਹੀ ਹੈ।
ਉੱਚ ਪੱਧਰੀ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੀ ਗਈ ਉਕਤ ਐਲਬਮ ਵਿੱਚ ਸ਼ੁਮਾਰ ਕੀਤੇ ਗਏ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਰਕਾਨ', 'ਹੱਸ ਸੋਹਣਿਆ', 'ਦੂਰ', 'ਗੀਤ', 'ਮੁਹੱਬਤਾਂ ਦਾ ਪਿੰਡ' ਅਤੇ 'ਆਈਲੈਟਸ' ਸ਼ਾਮਿਲ ਹਨ, ਜਿੰਨ੍ਹਾਂ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਸੁਰਜੀਤ ਭੁੱਲਰ ਦੱਸਦੇ ਹਨ ਕਿ ਚਾਹੁੰਣ ਵਾਲਿਆਂ ਦੀ ਲਗਾਤਾਰ ਕੀਤੀ ਜਾ ਰਹੀ ਫਰਮਾਇਸ਼ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਵਿਸ਼ੇਸ਼ ਐਲਬਮ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਹੈ, ਜਿਸ ਵਿੱਚ ਹਰ ਰੰਗ ਦੇ ਗੀਤ ਦਰਜ ਕੀਤੇ ਗਏ ਹਨ।
ਦੁਨੀਆਭਰ ਵਿੱਚ ਆਪਣੀ ਬਿਹਤਰੀਨ ਗਾਇਕੀ ਦਾ ਲੋਹਾ ਮੰਨਵਾ ਰਹੇ ਇਸ ਬਾਕਮਾਲ ਗਾਇਕ ਅਨੁਸਾਰ ਬਹੁਤ ਹੀ ਮਿਹਨਤ ਅਤੇ ਰਿਆਜ਼ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਐਲਬਮ ਵਿਚਲੇ ਮਿਊਜ਼ਿਕ ਵੀਡੀਓਜ਼ ਨੂੰ ਬੇਹੱਦ ਮਨਮੋਹਕ ਬਣਾਇਆ ਜਾ ਰਿਹਾ ਹੈ, ਜਿੰਨ੍ਹਾਂ ਵਿੱਚੋ ਕੁਝ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਬਾਕੀ ਵੀ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੇ ਹਨ।
ਪ੍ਰੋਜੈਕਟ ਹੈਡ ਜਸਵਿੰਦਰ ਸਿੰਘ ਦੀ ਸਚੱਜੀ ਰਹਿਨੁਮਾਈ ਹੇਠ ਵਜੂਦ ਵਿੱਚ ਲਿਆਂਦੇ ਗਏ ਉਕਤ ਐਲਬਮ ਦੇ ਗੀਤਾਂ ਨੂੰ ਬੋਲ ਅਤੇ ਕੰਪੋਜੀਸ਼ਨ ਬਿੱਟੂ ਚੀਮਾ ਵੱਲੋਂ ਦਿੱਤੀ ਗਈ ਹੈ, ਜਦਕਿ ਜਾਰੀ ਕੀਤੇ ਜਾ ਰਹੇ ਪਹਿਲੇ ਮਿਊਜ਼ਿਕ ਵੀਡੀਓ ਅਤੇ ਟਾਈਟਲ ਗੀਤ 'ਮੁਹੱਬਤਾਂ ਦਾ ਪਿੰਡ' ਦਾ ਨਿਰਦੇਸ਼ਨ ਮਸ਼ਹੂਰ ਸੰਗੀਤਕ ਵੀਡੀਓ ਨਿਰਦੇਸ਼ਕ ਆਰ ਸਵਾਮੀ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਦੀ ਨਿਰਦੇਸ਼ਨਾਂ ਕਰ ਚੁੱਕੇ ਹਨ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਮਕਬੂਲ ਗੀਤਾਂ ਨਾਲ ਵੀ ਆਪਣੀ ਲੋਕਪ੍ਰਿਯਤਾ ਦੇ ਗ੍ਰਾਫ ਨੂੰ ਹੋਰ ਉੱਚਾ ਕਰਨ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਗਾਇਕ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਦੋਗਾਣਾ ਅਤੇ ਸੋਲੋ ਗੀਤਾਂ ਨਾਲ ਵੀ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ।