ਚੰਡੀਗੜ੍ਹ: ਪੰਜਾਬੀ ਲੋਕ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਲੋਕ-ਗਾਇਕ ਨਿਰਮਲ ਸਿੱਧੂ, ਜੋ ਆਪਣਾ ਨਵਾਂ ਗਾਣਾ 'ਕਰਜ਼ੇ ਮਾਵਾਂ ਦੇ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਭਾਵਪੂਰਨ ਅੰਦਾਜ਼ ਵਿੱਚ ਗਾਇਆ ਅਪਣਾ ਇਹ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਹਿੱਟ ਮੇਕਰਸ ਰਿਕਾਰਡਸ' ਅਤੇ 'ਨਿਰਮਲ ਸਿੱਧੂ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਅਰਥ-ਭਰਪੂਰ ਗਾਣੇ ਦਾ ਸੰਗੀਤ ਵੀ ਉਨ੍ਹਾਂ ਵੱਲੋਂ ਖੁਦ ਹੀ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਜਗਵੀਰ ਭੀਖਾ ਨੇ ਰਚੇ ਹਨ, ਜਿੰਨ੍ਹਾਂ ਅਨੁਸਾਰ ਮਾਵਾਂ ਦੀ ਅਪਣੀ ਔਲਾਦ ਪ੍ਰਤੀ ਅਪਣੱਤਵ ਅਤੇ ਤਮਾਮ ਉਮਰ ਅਪਣੇ ਬੱਚਿਆਂ ਲਈ ਕੀਤੀਆਂ ਜਾਣ ਵਾਲੀਆਂ ਕੁਰਬਾਨੀਆਂ ਦੀ ਤਰਜ਼ਮਾਨੀ ਕਰਦੇ ਉਕਤ ਇਮੌਸ਼ਨਲ ਅਤੇ ਦਿਲ ਨੂੰ ਛੂਹ ਲੈਣ ਵਾਲੇ ਗਾਣੇ ਨੂੰ ਨਿਰਮਲ ਸਿੱਧੂ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ।
ਪੰਜਾਬੀ ਸੰਗੀਤ ਗਲਿਆਰਿਆਂ ਵਿੱਚ ਤਰੋ-ਤਾਜ਼ਗੀ ਭਰੇ ਰੋਅ ਦਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸ਼ੁਗਲੀ ਜੁਗਲੀ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਪ੍ਰਭਾਵੀ ਫਿਲਮਾਂਕਣ ਅਧੀਨ ਸਿਰਜੇ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਡੀਓਪੀ ਅਕਸ਼ੈ ਵਿੱਕੀ ਰੋਹਿਤ ਅਤੇ ਸੰਪਾਦਕ ਗੌਰਵ ਪੁੰਜ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਲੋਕ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਨਿਰਮਲ ਸਿੱਧੂ ਅਨੁਸਾਰ ਮਿਆਰੀ ਸੰਗੀਤ ਮਾਪਦੰਡਾਂ ਅਧੀਨ ਵਜ਼ੂਦ 'ਚ ਲਿਆਂਦਾ ਗਿਆ ਇਹ ਗਾਣਾ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: