ਚੰਡੀਗੜ੍ਹ: ਆਖ਼ਰਕਾਰ ਉਹ ਦਿਨ ਆ ਗਿਆ, ਜਿਸ ਦਾ ਪੰਜਾਬ ਦੇ ਪ੍ਰਸ਼ੰਸਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ, ਜੀ ਹਾਂ...14 ਦਸੰਬਰ ਦੀ ਰਾਤ ਨੂੰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਚੰਡੀਗੜ੍ਹ ਵਿੱਚ ਦਰਸ਼ਕਾਂ ਨੂੰ ਨੱਚਾਉਣ ਲਈ ਆ ਰਹੇ ਹਨ, ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ, ਉਨ੍ਹਾਂ ਤੋਂ ਵੀ ਉਤਸ਼ਾਹਿਤ ਗਾਇਕ ਖੁਦ ਹੈ, ਜੋ ਲੰਮੇਂ ਸਮੇਂ ਬਾਅਦ ਚੰਡੀਗੜ੍ਹ ਵਿੱਚ ਪ੍ਰੋਫਾਰਮ ਕਰਨ ਜਾ ਰਹੇ ਹਨ।
ਹੁਣ ਇਸ ਸਭ ਦੇ ਵਿਚਕਾਰ ਗਾਇਕ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਫੋਟੋਆਂ ਅਤੇ ਤਸਵੀਰਾਂ ਖੁਦ ਮਾਨ ਅਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ, ਇੰਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੀਐੱਮ ਮਾਨ ਨੇ ਲਿਖਿਆ, 'ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ ਦਿਲਜੀਤ ਦੁਸਾਂਝ ਨੂੰ ਮਿਲ ਕੇ ਅੱਜ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਅਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ। ਪੰਜਾਬੀ ਆ ਗਏ ਓਏ, ਛਾਅ ਗਏ ਓਏ।'
ਇਸ ਦੇ ਨਾਲ ਹੀ ਮਾਨ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੁਸਾਂਝ ਮਾਨ ਨਾਲ ਗੱਲਬਾਤ ਕਰਦੇ ਨਜ਼ਰੀ ਪੈ ਰਹੇ ਹਨ, ਇਸ ਤੋਂ ਇਲਾਵਾ ਗਾਇਕ ਨੇ ਮਾਨ ਦੀ ਪਤਨੀ ਅਤੇ ਮਾਂ ਨਾਲ ਵੀ ਮੁਲਾਕਾਤ ਕੀਤੀ।
ਦੂਜੇ ਪਾਸੇ ਗਾਇਕ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ...ਬਹੁਤ ਪਿਆਰ ਮਿਲਿਆ ਅੱਜ, ਨਿੱਕੇ ਭਰਾ ਵਾਂਗੂ ਵਰਤਾਓ ਕੀਤਾ ਵੱਡੇ ਭਾਜੀ ਨੇ, ਬੇਬੇ ਦੇ ਹੱਥ ਦਾ ਸਾਗ ਅਤੇ ਮੱਕੀ ਦੀ ਰੋਟੀ...ਇਸ ਤੋਂ ਵੱਧ ਹੋਰ ਕੀ ਹੋ ਸਕਦਾ।'
ਵੀਡੀਓਜ਼ ਫੋਟੋਆਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹੁਣ ਇੰਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਉਤੇ ਯੂਜ਼ਰਸ ਵੀ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਇੱਕ ਨੇ ਲਿਖਿਆ, 'ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੇ ਸ਼ੋਅਜ਼ ਰਾਹੀਂ ਬਹੁਤ ਵਧੀਆਂ ਗੱਲਾਂ ਕਰਦੇ ਹੋ, ਪਰਮਾਤਮਾ ਥੋਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਪਾਜੀ ਥੋਨੂੰ ਪੂਰਾ ਪੰਜਾਬ ਕੀ ਪੂਰੀ ਦੁਨੀਆ ਵੇਖਦੀ ਸੁਣਦੀ ਹੈ ਅਤੇ ਫੋਲੋ ਕਰਦੀ ਹੈ, ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕਿਸਾਨਾਂ ਦੀਆਂ ਮੰਗਾਂ ਕਰਕੇ ਮਰਨ ਵਰਤ ਉਤੇ ਬੈਠੇ ਅੱਜ 18 ਵਾਂ ਦਿਨ ਸੀ, ਜੇਕਰ ਸਮਾਂ ਹੈਗਾ ਤਾਂ ਤੁਸੀਂ ਇੱਕ ਵਾਰ ਧਰਨਾ ਸਥਲ ( ਖਨੌਰੀ ਬਾਰਡਰ) ਉਤੇ ਪਹੁੰਚਣ ਦੀ ਅਪੀਲ ਕਰ ਦਿਓ ਤਾਂ ਕਿਸਾਨੀ ਸੰਘਰਸ਼ ਲਈ ਆਪ ਜੀ ਦੇ ਵੱਲੋਂ ਬਹੁਤ ਵੱਡੀ ਸੇਵਾ ਹੋਵੇਗੀ, ਧੰਨਵਾਦ।'
ਇਹ ਵੀ ਪੜ੍ਹੋ: