ਚੰਡੀਗੜ੍ਹ: ਸਰਦੀ ਦੇ ਮੌਸਮ ਨੂੰ ਵਿਆਹ ਦਾ ਮੌਸਮ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਸਰਦੀ ਦੇ ਮੌਸਮ ਵਿੱਚ ਜਿਆਦਾ ਵਿਆਹ ਹੁੰਦੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਪ੍ਰੇਮ ਢਿੱਲੋਂ ਦੇ ਵਿਆਹ ਹੋਣ ਦੀਆਂ ਖਬਰਾਂ ਨੇ ਕਾਫੀ ਚਰਚਾ ਬਟੋਰੀ ਸੀ, ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਹੋਰ ਵਿਆਹ ਸੁਰਖ਼ੀਆਂ ਪ੍ਰਾਪਤ ਕਰ ਰਿਹਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਮਸ਼ਹੂਰ ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜੋ ਸਭ ਦਾ ਧਿਆਨ ਖਿੱਚ ਰਹੀ ਹੈ। ਕਿਉਂਕਿ ਇਸ ਪੋਸਟ ਵਿੱਚ ਗਾਇਕਾ ਨੇ ਗੀਤਕਾਰ ਗਿੱਲ ਰੌਂਤਾ ਨੂੰ ਵਧਾਈ ਦਿੱਤੀ ਹੈ।
ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ, 'ਸੋਹਣਾ ਵੀਰਾ ਮੇਰਾ ਗਿੱਲ ਰੌਂਤਾ...ਬਹੁਤ ਬਹੁਤ ਮੁਬਾਰਕਾਂ ਵੀਰੇ ਨੂੰ ਵਿਆਹ ਦੀਆਂ, ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ।' ਇਸ ਦੇ ਨਾਲ ਹੀ ਗਾਇਕਾ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਗੀਤਕਾਰ ਗਿੱਲ ਰੌਂਤਾ ਲਾੜੇ ਦੇ ਪਹਿਰਾਵੇ ਵਿੱਚ ਸਜੇ ਬੈਠੇ ਹਨ ਅਤੇ ਗਾਇਕਾ ਜੈਨੀ ਜੌਹਲ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।
ਹੁਣ ਜਦੋਂ ਹੀ ਗਾਇਕਾ ਨੇ ਇਸ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਤਾਂ ਕਮੈਂਟ ਸੈਕਸ਼ਨ ਵਿੱਚ ਵਧਾਈ ਦੇਣ ਵਾਲਿਆਂ ਦੀ ਭੀੜ ਇੱਕਠੀ ਹੋ ਗਈ। ਵਧਾਈ ਦੇਣ ਵਾਲਿਆਂ ਵਿੱਚ ਕੇਵਲ ਪ੍ਰਸ਼ੰਸਕ ਹੀ ਨਹੀਂ ਬਲਕਿ ਕਾਫੀ ਸਾਰੇ ਮਸ਼ਹੂਰ ਸਿਤਾਰੇ ਵੀ ਸ਼ਾਮਿਲ ਹਨ।
ਇਸ ਦੌਰਾਨ ਗੀਤਕਾਰ ਗਿੱਲ ਰੌਂਤਾ ਬਾਰੇ ਗੱਲ ਕਰੀਏ ਤਾਂ ਗਿੱਲ ਰੌਂਤਾ ਦਾ ਅਸਲ ਨਾਂਅ ਗੁਰਵਿੰਦਰ ਸਿੰਘ ਗਿੱਲ ਹੈ। ਉਹ ਬਹੁਤ ਹੀ ਮਸ਼ਹੂਰ ਗਾਣਾ ਲੇਖਕ ਹਨ। ਗਿੱਲ ਰੌਂਤਾ ਨੇ ਮਨਮੋਹਨ ਵਾਰਿਸ, ਕਮਲ ਹੀਰ, ਐਮੀ ਵਿਰਕ, ਗੁਰਮੰਤ ਸੰਧੂ, ਗੁਰਨਾਮ ਭੁੱਲਰ, ਰਾਜਵੀਰ ਜਵੰਦਾ, ਕੋਰਾ ਵਾਲਾ ਮਾਨ ਆਦਿ ਵਰਗੇ ਸ਼ਾਨਦਾਰ ਕਲਾਕਾਰਾਂ ਨਾਲ ਕੰਮ ਕੀਤਾ ਹੈ। ਗਾਇਕ ਇਸ ਸਮੇਂ ਕੈਨੇਡਾ ਵਿੱਚ ਰਹਿੰਦੇ ਹਨ।
ਗੀਤਕਾਰ ਤੋਂ ਇਲਾਵਾ ਰੌਂਤਾ ਇੱਕ ਚੰਗਾ ਕਬੱਡੀ ਖਿਡਾਰੀ ਵੀ ਹੈ। ਇਸ ਤੋਂ ਇਲਾਵਾ ਉਹ ਕਬੱਡੀ ਮੈਚ ਵਿੱਚ ਖੂਬਸੂਰਤ ਕਮੈਂਟਰੀ ਵੀ ਕਰ ਲੈਂਦੇ ਹਨ। ਉਹ ਪੰਜਾਬ ਦੇ ਜ਼ਿਲ੍ਹੇ ਮੋਗੇ ਨਾਲ ਸੰਬੰਧਿਤ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗੀਤਕਾਰ ਦਾ ਲਿਖਿਆ ਹੋਇਆ ਨਵਾਂ ਗੀਤ ਕੋਰਾ ਵਾਲੇ ਮਾਨ ਦੁਆਰਾ ਗਾਇਆ ਗਿਆ ਹੈ। ਜਿਸ ਨੂੰ ਸਰੋਤੇ ਕਾਫੀ ਪਿਆਰ ਦੇ ਰਹੇ ਹਨ।