ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਦੁਆਬਈ ਗਾਇਕਾਂ ਨੇ ਅਪਣੀ ਧਾਕ ਦਹਾਕਿਆਂ ਤੋਂ ਕਾਇਮ ਰੱਖੀ ਹੋਈ ਹੈ, ਜਿੰਨਾਂ ਦੀ ਹੀ ਲੜੀ ਨੂੰ ਮਾਣਮੱਤੇ ਅਯਾਮ ਦੇ ਰਹੇ ਹਨ ਗਾਇਕ ਬਲਰਾਜ, ਜੋ ਅਪਣਾ ਨਵਾਂ ਗਾਣਾ 'ਵੇ ਮਾਹੀਆ' ਲੈ ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋ ਰਹੇ ਹਨ , ਜਿਸ ਨੂੰ ਉਨਾਂ ਵੱਲੋ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ। 'ਰਮਨ ਕੁਮਾਰ ਅਤੇ ਹੋਟ ਸ਼ੋਟ ਮਿਊਜ਼ਿਕ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਖੂਬਸੂਰਤ ਗਾਣੇ ਦਾ ਸੰਗੀਤ ਜੀ. ਗੁਰੀ ਦੁਆਰਾ ਤਿਆਰ ਕੀਤਾ ਗਿਆ ਹੈ।
ਗੀਤ ਬਾਰੇ ਹੋਰ ਜਾਣਕਾਰੀ : ਦੂਜੇ ਪਾਸੇ, ਗੀਤ ਦੇ ਬੋਲ ਸਿੰਘ ਜੀਤ ਨੇ ਰਚੇ ਹਨ, ਜਿੰਨਾਂ ਵੱਲੋ ਮਨ ਨੂੰ ਛੂਹ ਲੈਣ ਵਾਲੇ ਅਲਫਾਜ਼ਾਂ ਅਧੀਨ ਸਿਰਜੇ ਗਏ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਮਨੀ ਸ਼ੇਰਗਿੱਲ ਨੇ ਕੀਤੀ ਹੈ, ਜੋ ਇਸ ਤੋਂ ਪਹਿਲਾ ਵੀ ਕਈ ਸਫਲ ਮਿਊਜ਼ਿਕ ਵੀਡੀਓਜ਼ ਨਾਲ ਜੁੜੇ ਰਹੇ ਹਨ। ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਨਿਰਮਾਤਾ ਰਮਨ ਕੁਮਾਰ ਰਮੀ, ਲੇਬਲ ਮੈਨੇਜਰ ਗੋਰੂ ਡੋਗਰਾ ਹਨ , ਜਿਨ੍ਹਾਂ ਵੱਲੋ ਉਚ ਪੱਧਰੀ ਸੰਗ਼ੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਉਕਤ ਗਾਣੇ ਸਬੰਧਿਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਮਾਡਲ ਜੋੜੀ ਭਵਦੀਪ ਰੋਮਾਣਾ ਅਤੇ ਕਾਸ਼ਿਕਾ ਸਿਸੋਦਿਆ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਗਾਇਕੀ ਦਾ ਸਫ਼ਰ: ਹਾਲ ਹੀ ਵਿੱਚ ਜਾਰੀ ਹੋਏ ਆਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਸੁਰਖੀਆਂ ਦਾ ਹਿੱਸਾ ਬਣੇ ਰਹੇ ਹਨ। ਗਾਇਕ ਬਲਰਾਜ, ਜੋ ਦੇਸ਼ ਤੋਂ ਲੈ ਕੇ ਦੁਨੀਆ-ਭਰ ਵਿਚ ਆਪਣੀ ਵਿਲੱਖਣ ਗਾਇਕੀ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ । ਪੰਜਾਬੀ ਫੋਕ ਤੋਂ ਲੈ ਹਰ ਆਧੁਨਿਕ ਸੰਗੀਤ ਵਿਧਾ ਨੂੰ ਅਪਣੇ ਗਾਇਕੀ ਸਫ਼ਰ ਦਾ ਹਿੱਸਾ ਬਣਾ ਚੁੱਕੇ ਇਹ ਹੋਣਹਾਰ ਗਾਇਕ ਮਿਆਰੀ ਅਤੇ ਸੱਭਿਆਚਾਰਕ ਗਾਇਨ-ਸ਼ੈਲੀ ਅਪਣਾਉਣਾ ਹੀ ਜਿਆਦਾ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨਾਂ ਦੇ ਸਾਹਮਣੇ ਆਉਣ ਵਾਲੇ ਹਰ ਗੀਤ ਨੂੰ ਸਰੋਤਿਆ ਅਤੇ ਦਰਸ਼ਕਾਂ ਵੱਲੋ ਲਗਾਤਾਰ ਭਰਪੂਰ ਹੁੰਗਾਰਾਂ ਦਿੱਤਾ ਜਾ ਰਿਹਾ ਹੈ।
ਸੰਗੀਤਕ ਖੇਤਰ ਵਿੱਚ ਬਰਾਬਰਤਾ ਨਾਲ ਅਪਣੀ ਹੋਂਦ ਦਾ ਪ੍ਰਗਟਾਵਾ ਕਰਵਾਉਂਦੇ ਆ ਰਹੇ ਗਾਇਕ ਬਲਰਾਜ ਵੱਲੋ ਹਾਲੀਆ ਦਿਨਾਂ ਦੌਰਾਨ ਜਾਰੀ ਕੀਤੇ ਗਏ ਗਾਣਿਆ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿਚ 'ਰੰਗ ਮੁਹੱਬਤ ਦਾ' , 'ਵਿੰਟਰ ਮੀਟਿੰਗ', 'ਯਾਦਾਂ ਦੇ ਧਾਗੇ' ਆਦਿ ਸ਼ੁਮਾਰ ਰਹੇ ਹਨ, ਜੋ ਅਤਿ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।