ਚੰਡੀਗੜ੍ਹ: 2024 ਦੀ ਇੱਕ ਹੋਰ ਵੱਡੀ ਕਾਮੇਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਵੇਖੀ ਜਾ ਛੇੜੀ ਨਾ' ਜਿਸ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ, ਜੋ 23 ਫਰਵਰੀ 2024 ਨੂੰ ਦੇਸ਼ ਵਿਦੇਸ਼ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਸੰਬੰਧਤ ਕਈ ਮੰਨੇ ਪ੍ਰਮੰਨੇ ਕਲਾਕਾਰ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।
ਮਾਲਵਾ ਦੇ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਸੰਬੰਧਤ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਕਰਮਜੀਤ ਅਨਮੋਲ, ਸਿਮਰ ਖਹਿਰਾ, ਜਤਿੰਦਰ ਕੌਰ, ਮਹਾਂਬੀਰ ਭੁੱਲਰ, ਰੂਪੀ ਗਿੱਲ, ਪ੍ਰਕਾਸ਼ ਗਾਧੂ, ਪਰਮਿੰਦਰ ਗਿੱਲ, ਮਨਜੀਤ ਮਣੀ, ਗਗਨਦੀਪ ਸਿੰਘ, ਜਸਬੀਰ ਜੱਸੀ ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਰੁਮਾਂਟਿਕ-ਡਰਾਮਾ ਕਾਮੇਡੀ ਫਿਲਮ ਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾ, ਐਸੋਸੀਏਟ ਨਿਰਮਾਤਾ ਰਜਤ ਮਲਹੋਤਰਾ ਅਤੇ ਸਿਨੇਮਾਟੋਗ੍ਰਾਫ਼ਰ ਬਰਿੰਦਰ ਸੰਧੂ ਹਨ।
ਸੈਮੀ ਬਜਟ ਅਤੇ ਸੀਮਤ ਸਿਨੇਮਾ ਸਾਧਨਾਂ ਦੇ ਬਾਵਜੂਦ ਸਿਨੇਮਾ ਸਿਰਜਨਾਂ ਦੇ ਹਰ ਰੰਗ ਵਿੱਚ ਰੰਗੀ ਗਈ ਇਸ ਫਿਲਮ ਦੁਆਰਾ ਇੱਕ ਨਵਾਂ ਚਿਹਰਾ ਸਿਮਰ ਖਹਿਰਾ ਪੰਜਾਬੀ ਸਿਨੇਮਾ ਸਕਰੀਨ 'ਤੇ ਸ਼ਾਨਦਾਰ ਆਮਦ ਕਰਨ ਜਾ ਰਿਹਾ ਹੈ, ਜੋ ਇਸ ਵਿਚ ਪ੍ਰਭਾਵੀ ਅਤੇ ਲੀਡ ਰੋਲ ਵਿੱਚ ਨਜ਼ਰ ਆਉਣਗੇ, ਜਿੰਨਾਂ ਦੇ ਨਾਲ ਲਵ ਗਿੱਲ ਵਿਖਾਈ ਦੇਵੇਗੀ, ਜੋ ਇੰਨੀਂ ਦਿਨੀਂ ਪਾਲੀਵੁੱਡ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ।
ਓਧਰ ਇਸ ਫਿਲਮ ਬਾਰੇ ਹੋਰ ਵਿਸਥਾਰਪੂਰਵਕ ਗੱਲ ਕਰਦਿਆਂ ਇਸ ਦੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਨੇ ਕਿਹਾ ਕਿ ਇਸ ਦਾ ਵਿਸ਼ਾਸਾਰ ਚਾਹੇ ਕਾਮੇਡੀ ਦੁਆਲੇ ਬੁਣਿਆ ਗਿਆ ਹੈ, ਪਰ ਇਸ ਨੂੰ ਕੰਟੈਂਟ ਅਤੇ ਸਕਰੀਨ-ਪਲੇਅ ਪੱਖੋਂ ਵਿਲੱਖਣਤਾ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨਾਂ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਹਾਸਰਸ ਪਰ-ਸਥਿਤੀਆਂ ਦੇ ਨਾਲ-ਨਾਲ ਭਾਵਨਾਤਮਕਤਾ ਭਰੇ ਮੰਜ਼ਰ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।