ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓ ਦੀ ਦੁਨੀਆਂ ਵਿੱਚ ਬਤੌਰ ਨਿਰਦੇਸ਼ਕ ਸ਼ਾਨਦਾਰ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰ ਚੁੱਕੇ ਹਨ ਸੁੱਖ ਸੰਘੇੜਾ, ਜੋ ਹੁਣ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਪਾਲੀਵੁੱਡ ਵਿੱਚ ਵਿਸਥਾਰ ਰੂਪ ਲੈ ਰਹੇ ਇਸੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਡਾਇਰੈਕਟੋਰੀਅਲ ਪੰਜਾਬੀ ਫਿਲਮ 'ਮਾਝੇ ਮਾਲਵੇ ਦੋਆਬੇ ਦੀਆਂ ਜੱਟੀਆਂ', ਜੋ ਅੱਜ ਕਰ ਦਿੱਤੇ ਗਏ ਰਸਮੀ ਐਲਾਨ ਬਾਅਦ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ।
ਇਸੇ ਵਰ੍ਹੇ 2025 ਦੇ ਜੁਲਾਈ ਮਹੀਨੇ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾਣ ਵਾਲੀ ਇਹ ਫਿਲਮ ਵੂਮੈਨ ਓਰੀਐਂਟਿਡ ਸਬਜੈਕਟ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਪੁਰਾਤਨ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਤੀਬਿੰਬ ਕਰਦੇ ਖੂਬਸੂਰਤ ਰੰਗਾਂ ਦੀ ਸੁਮੇਲਤਾ ਵੇਖਣ ਨੂੰ ਮਿਲੇਗੀ।
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਖੁਲਾਸਾ ਹਾਲ ਫਿਲਹਾਲ ਨਹੀਂ ਕੀਤਾ ਗਿਆ, ਪਰ ਇਸ ਸੰਬੰਧਤ ਕੁਝ ਅਹਿਮ ਜਾਣਕਾਰੀ ਜਾਰੀ ਕਰਦਿਆਂ ਕੈਨੇਡਾ ਆਧਾਰਿਤ ਨਿਰਦੇਸ਼ਕ ਸੁੱਖ ਸੰਘੇੜਾ ਨੇ ਦੱਸਿਆ ਹੈ ਕਿ ਮੇਨ ਸਟ੍ਰੀਮ ਸਿਨੇਮਾ ਸਾਂਚੇ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਜਾਣ ਵਾਲੀ ਅਤੇ ਪੰਜਾਬੀ ਵੰਨਗੀਆਂ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਉਨ੍ਹਾਂ ਦੇ ਮਨਪਸੰਦ ਵਿਸ਼ੇ ਆਧਾਰਿਤ ਹੈ, ਜਿਸ ਨੂੰ ਅਮਲੀਜਾਮਾ ਪਹਿਨਾਉਣ ਲਈ ਉਹ ਕਾਫ਼ੀ ਸਮੇਂ ਤੋਂ ਤਰੱਦਦਸ਼ੀਲ ਸਨ।
ਹਾਲ ਹੀ ਸਿਨੇਮਾ ਸਫ਼ਰ ਦੀਆਂ ਕਈ ਬਿਹਤਰੀਨ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਨਿਰਦੇਸ਼ਕ ਸੁੱਖ ਸੰਘੇੜਾ, ਜਿੰਨ੍ਹਾਂ ਦੀ ਇੰਨਾਂ ਚਰਚਿਤ ਰਹੀਆਂ ਫਿਲਮਾਂ ਵਿੱਚ 'ਮੁੰਡਾ ਸਾਊਥਾਲ ਦਾ', 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਅਤੇ 'ਲਾਈਏ ਜੇ ਯਾਰੀਆਂ' ਆਦਿ ਸ਼ੁਮਾਰ ਰਹੀਆਂ ਹਨ।
ਪੰਜਾਬੀ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜ ਚੁੱਕੇ ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਬਣਾਏ ਡਾਇਮੰਡ ਸਮੇਤ ਕਈ ਹੋਰ ਗਾਣਿਆਂ ਨੇ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਤੋਂ ਇਲਾਵਾ ਅਰਮਾਨ ਬੇਦਿਲ, ਪ੍ਰੀਤ ਔਜਲਾ ਜਿਹੇ ਕਈ ਉਭਰਦੇ ਚਿਹਰਿਆਂ ਨੂੰ ਸਾਹਮਣੇ ਲਿਆਉਣ ਅਤੇ ਸਟਾਰ ਦਰਜਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: