ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਬਣਾਉਣ ਵਿੱਚ ਲਗਾਤਾਰ ਮੋਰੀ ਭੂਮਿਕਾ ਨਿਭਾ ਰਹੇ ਹਨ ਨਿਰਦੇਸ਼ਕ ਤਾਜ, ਜੋ ਲੇਖਕ ਦੇ ਤੌਰ 'ਤੇ ਆਪਣੀ ਇੱਕ ਹੋਰ ਬਿਹਤਰੀਨ ਫਿਲਮ 'ਪਿੰਡ ਆਲ਼ਾ ਸਕੂਲ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ 03 ਮਈ 2024 ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਐਚਐਫ ਪ੍ਰੋਡੋਕਸ਼ਨ-ਵਣਜਾਰੇ ਬੀਟਸ' ਦੇ ਬੈਨਰਜ਼ ਅਤੇ 'ਏਆਰ ਬੀਟਜ' ਦੇ ਸੁਯੰਕਤ ਸਹਿ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਸਟੋਰੀ ਅਤੇ ਸਕਰੀਨ-ਪਲੇਅ ਲੇਖਨ ਤਾਜ ਜਦਕਿ ਨਿਰਦੇਸ਼ਨ ਫ਼ਤਹਿ ਵੱਲੋਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਇਮੋਸ਼ਨਲ-ਡਰਾਮਾ ਫਿਲਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਅਜਿਹਾ ਚੁਣੌਤੀ-ਪੂਰਨ ਰੋਲ ਅਦਾ ਕਰਦੇ ਨਜ਼ਰੀ ਪੈਣਗੇ, ਜਿਸ ਤਰ੍ਹਾਂ ਦਾ ਰੋਲ ਉਨਾਂ ਵਿੱਚ ਅਪਣੀ ਕਿਸੇ ਹੋਰ ਹਾਲੀਆ ਫਿਲਮ ਵਿੱਚ ਪਲੇ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਉਕਤ ਫਿਲਮ ਅਤੇ ਇਸ ਵਿਚਲੀ ਭੂਮਿਕਾ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਉਕਤ ਸੰਬੰਧੀ ਹੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਨੇ ਦੱਸਿਆ ਕਿ ਪਿੰਡ ਦੇ ਇੱਕ ਸਕੂਲ ਵਿੱਚ ਪੜਦੇ ਪ੍ਰਾਇਮਰੀ ਵਰਗ ਵਿਦਿਆਰਥੀਆਂ ਅਤੇ ਉਸੇ ਹੀ ਸਕੂਲ ਦੇ ਇੱਕ ਅਧਿਆਪਕ ਦਰਮਿਆਨ ਦੀ ਭਾਵਨਾਤਮਕ ਸਾਂਝ ਦਾ ਪ੍ਰਗਟਾਵਾ ਕਰਦੀ ਇਸ ਫਿਲਮ ਦਾ ਮੁੱਖ ਹਿੱਸਾ ਬਣਨਾ ਉਨਾਂ ਲਈ ਇਸ ਲਈ ਵੀ ਬੇਹੱਦ ਮਾਣ ਵਾਲੀ ਗੱਲ ਰਹੀ ਹੈ, ਕਿਉਂਕਿ ਇਸ ਤਰ੍ਹਾਂ ਦੇ ਜਜ਼ਬਾਤੀ ਪੜਾਅ ਵਿੱਚੋਂ ਉਹ ਖੁਦ ਵੀ ਬਚਪਨ ਸਮੇਂ ਗੁਜ਼ਰ ਚੁੱਕੇ ਹਨ।
ਉਨਾਂ ਅੱਗੇ ਕਿਹਾ ਕਿ ਹੁਣ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਚਾਹੇ ਕਈ ਫਿਲਮਾਂ ਕਰ ਚੁੱਕਾ ਹਾਂ, ਪਰ ਜੋ ਸਕੂਨਦਾਇਕ ਅਹਿਸਾਸ ਇਹ ਫਿਲਮ ਕਰਕੇ ਮਹਿਸੂਸ ਹੋਇਆ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ ਕਾਸਟ ਵਿੱਚ ਹਰਸਿਮਰਨ ਓਬਰਾਏ, ਨਿਰਮਲ ਰਿਸ਼ੀ, ਗੋਲੂ ਮਾਝੇਵਾਲਾ, ਗੁਰਤੇਗ ਗੁਰੀ, ਮਿਸਤੀ ਕੌਰ, ਸੰਜੂ ਸੋਲੰਕੀ, ਮਲਕੀਤ ਰੌਣੀ, ਸਤਬੀਰ ਕੌਰ, ਵੀਰ ਸਮਰਾ ਵੀ ਸ਼ਾਮਿਲ ਹਨ।
ਅਸਲ ਪੰਜਾਬ ਦੇ ਕਈ ਰੰਗਾਂ ਨੂੰ ਮੁੜ ਜੀਵੰਤ ਕਰਨ ਜਾ ਰਹੀ ਇਸ ਕਲਾਤਮਕ ਫਿਲਮ ਦਾ ਮਿਊਜ਼ਿਕ ਰਿਕ ਹੇਟ, ਡੀ ਸਾਰਪ ਅਤੇ ਓਕਾਰ ਹਰਮਨ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਪ੍ਰੀਤ ਹਰਪਾਲ ਨੇ ਲਿਖੇ ਹਨ।