ਚੰਡੀਗੜ੍ਹ: ਚੜ੍ਹਦੇ ਪੰਜਾਬ ਦੀਆਂ ਫਿਲਮਾਂ ਨੂੰ ਵਿਸ਼ਾਲਤਾ ਦੇਣ ਵਿੱਚ ਪਾਕਿਸਤਾਨੀ ਕਲਾਕਾਰ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀ ਇਧਰਲੇ ਪਾਸੇ ਵੱਧ ਰਹੀ ਸੁਮੇਲਤਾ ਤੋਂ ਹੁਣ ਲਹਿੰਦੇ ਪੰਜਾਬ ਦੀਆਂ ਫਿਲਮਾਂ ਨੂੰ ਵੀ ਚਾਰ ਚੰਨ ਲਾਉਣ ਵਾਲੇ ਪਾਸੇ ਵਧਣ ਜਾ ਰਹੇ ਹਨ ਪੰਜਾਬੀ ਸਿਨੇਮਾ ਨਾਲ ਜੁੜੇ ਸਿਤਾਰੇ, ਜਿਸ ਸੰਬੰਧਤ ਹੀ ਓਧਰਲੇ ਪਾਸੇ ਪਹਿਲੀ ਦਸਤਕ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਪਾਲੀਵੁੱਡ ਨਾਲ ਜੁੜੀ ਇੱਕ ਟੌਪ ਐਕਟ੍ਰੈਸ, ਜੋ ਜਲਦ ਹੀ ਸ਼ੁਰੂ ਹੋਣ ਜਾ ਰਹੀ ਪਾਕਿ ਪੰਜਾਬੀ ਫਿਲਮ 'ਚੂੜੀਆਂ 2' ਵਿੱਚ ਬਤੌਰ ਲੀਡ ਅਦਾਕਾਰਾ ਨਜ਼ਰ ਆਵੇਗੀ।
ਸਾਲ 1998 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪਾਕਿਸਤਾਨੀ ਫਿਲਮ 'ਚੂੜੀਆਂ' ਦੇ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਚੂੜੀਆਂ 2', ਜਿਸ ਦਾ ਨਿਰਦੇਸ਼ਨ ਉੱਥੋਂ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਸੱਯਦ ਨੂਰ ਕਰਨਗੇ, ਜਿੰਨ੍ਹਾਂ ਵੱਲੋਂ ਹੀ ਨਿਰਦੇਸ਼ਿਤ ਕੀਤੀ ਗਈ ਉਕਤ ਪਹਿਲੀ ਐਕਸ਼ਨ ਰੁਮਾਂਟਿਕ ਫਿਲਮ ਵਿੱਚ ਮੁਅੱਮਰ ਰਾਣਾ, ਸਾਇਮਾ, ਬਾਬਰ ਬੱਟ ਅਤੇ ਨਰਗਿਸ ਜਿਹੇ ਉੱਚ-ਕੋਟੀ ਐਕਟਰਜ਼ ਦੁਆਰਾ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਸਨ, ਜਿੰਨ੍ਹਾਂ ਦੀ ਆਹਲਾ ਅਦਾਕਾਰੀ ਨਾਲ ਸਜੀ ਇਹ ਫਿਲਮ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ।
ਉਕਤ ਸੀਕਵਲ ਫਿਲਮ ਦਾ ਅੱਜ ਰਸਮੀ ਐਲਾਨ ਕਰਦਿਆਂ ਅਜ਼ੀਮ ਫਿਲਮਕਾਰ ਸੱਯਦ ਨੂਰ ਨੇ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਕਲਾਕਾਰੀ ਸੁਮੇਲਤਾ ਨਾਲ ਅੱਜ ਦੋਹਾਂ ਮੁਲਕਾਂ ਦੀ ਸਿਨੇਮਾ ਜਗਤ ਗਲੋਬਲੀ ਪੱਧਰ ਉਤੇ ਨਵੇਂ ਅਯਾਮ ਕਾਇਮ ਕਰਦੀ ਜਾ ਰਹੀ ਹੈ, ਜਿਸ ਸੰਬੰਧੀ ਹੀ ਮੁੜ ਗੂੜੀਆਂ ਹੋ ਰਹੀਆਂ ਇੰਨ੍ਹਾਂ ਤੰਦਾਂ ਨੂੰ ਹੋਰ ਮਜ਼ਬੂਤੀ ਦੇਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ, ਜਿਸ ਵਿੱਚ ਪਹਿਲੀ ਵਾਰ ਪਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਲੀਡ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿਸ ਦੇ ਨਾਂਅ ਅਤੇ ਇਸ ਫਿਲਮ ਨਾਲ ਜੁੜੇ ਤਮਾਮ ਪਹਿਲੂਆਂ ਦਾ ਖੁਲਾਸਾ ਜਲਦ ਕੀਤਾ ਜਾਵੇਗਾ।
ਪਾਕਿਸਤਾਨ ਭਰ ਵਿੱਚ ਪਾਲੀਵੁੱਡ ਫਿਲਮਾਂ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਉਤੇ ਖੁਸ਼ੀ ਅਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਬਾਕਮਾਲ ਨਿਰਦੇਸ਼ਕ ਨੇ ਕਿਹਾ ਕਿ ਢਹਿੰਦੇ ਜਾ ਰਹੇ ਇੱਥੋਂ ਦੇ ਸਿਨੇਮਾ ਉਦਯੋਗ ਨੂੰ ਮੁੜ ਜੀਵੰਤ ਕਰਨ ਅਤੇ ਪ੍ਰਫੁੱਲਤਾ ਦੇਣ ਵਿੱਚ ਭਾਰਤੀ ਫਿਲਮਾਂ ਖਾਸ ਕਰ ਪੰਜਾਬੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿਸ ਨਾਲ ਉਤਸ਼ਾਹਿਤ ਹੋਈ ਸਿਨੇਮਾ ਇੰਡਸਟਰੀ ਨੂੰ ਹੋਰ ਵਿਸਥਾਰ ਦੇਣ ਲਈ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਇੱਧਰਲੀਆਂ ਫਿਲਮਾਂ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ, ਜਿਸ ਸੰਬੰਧੀ ਹੋ ਰਹੇ ਇਸ ਨਵੇਂ ਆਗਾਜ਼ ਦਾ ਹੀ ਮੁੱਢ ਬੰਨ੍ਹੇਗੀ ਲੰਦਨ ਵਿਖੇ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ 'ਚੂੜੀਆਂ 2', ਜੋ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਹੈ।