ਚੰਡੀਗੜ੍ਹ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਦੋ ਫਿਲਮਾਂ ਦਰਸ਼ਕਾਂ ਦਾ ਕੇਂਦਰ ਬਣੀਆਂ ਹੋਈਆਂ ਹਨ, ਜਿਸ ਵਿੱਚੋਂ ਪਹਿਲੀ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ 'ਬੀਬੀ ਰਜਨੀ' ਅਤੇ ਦੂਜੀ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ 'ਅਰਦਾਸ ਸਰਬੱਤ ਦੇ ਭਲੇ ਦੀ' ਹੈ। ਦੋਵੇਂ ਹੀ ਫਿਲਮਾਂ ਪ੍ਰਸ਼ੰਸਕਾਂ ਨੂੰ ਪ੍ਰਮਾਤਮਾ ਨਾਲ ਜੋੜਦੀਆਂ ਨਜ਼ਰੀ ਪੈਣਗੀਆਂ। ਦੋਵੇਂ ਹੀ ਫਿਲਮਾਂ ਦੇ ਸ਼ਾਨਦਾਰ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਮਣਾਂਮੂਹੀ ਪਿਆਰ ਦਿੱਤਾ ਗਿਆ ਹੈ।
ਹੁਣ ਇੱਥੇ ਅਸੀਂ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ 'ਬੀਬੀ ਰਜਨੀ' ਨੂੰ ਦੇਖਣ ਦੇ ਪੰਜ ਵੱਡੇ ਕਾਰਨਾਂ ਬਾਰੇ ਗੱਲ ਕਰਾਂਗੇ, ਇਹਨਾਂ ਕਾਰਨਾਂ ਨੂੰ ਪੜ੍ਹਨ ਤੋਂ ਬਾਅਦ ਯਕੀਨਨ ਤੁਸੀਂ ਕਹੋਗੇ ਕਿ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਆਓ ਕਾਰਨਾਂ ਉਤੇ ਸਰਸਰੀ ਨਜ਼ਰ ਮਾਰੀਏ।
ਦਿਲ ਖਿੱਚਵੀਂ ਹੈ ਫਿਲਮ ਦੀ ਕਹਾਣੀ: ਜਿਵੇਂ ਕਿ ਫਿਲਮ ਦੇ ਨਾਂਅ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦੀ ਬੀਬੀ ਰਜਨੀ ਦੇ ਆਲੇ-ਦੁਆਲੇ ਘੁੰਮੇਗੀ। ਜ਼ੁਬਾਨੀ ਸੁਣੀਆਂ ਹੋਈਆਂ ਕਹਾਣੀਆਂ ਨੂੰ ਜਦੋਂ ਤੁਸੀਂ ਪਰਦੇ ਉਤੇ ਦੇਖੋਗੇ ਤਾਂ ਇਹ ਯਕੀਨਨ ਤੁਹਾਡੇ ਲਈ ਨਵਾਂ ਅਨੁਭਵ ਹੋਵੇਗਾ। ਟ੍ਰੇਲਰ ਤੋਂ ਪ੍ਰਤੀਤ ਹੁੰਦਾ ਹੈ ਕਿ ਫਿਲਮ ਦਾ ਪਲਾਂਟ ਕਾਫੀ ਗੁੰਝਲਦਾਰ ਹੈ।
ਪਹਿਲੀ ਵਾਰ ਅਜਿਹੇ ਕਿਰਦਾਰ ਵਿੱਚ ਨਜ਼ਰ ਆਵੇਗੀ ਰੂਪੀ ਗਿੱਲ: ਆਪਣੇ ਸ਼ਾਂਤ ਸੁਭਾਅ ਲਈ ਜਾਣੀ ਜਾਂਦੀ ਰੂਪੀ ਗਿੱਲ ਪਹਿਲੀ ਵਾਰ ਅਜਿਹੇ ਕਿਰਦਾਰ ਵਿੱਚ ਤੁਹਾਨੂੰ ਨਜ਼ਰ ਆਵੇਗੀ। ਜੋ ਕਿ ਫਿਲਮ ਦਾ ਇੱਕ ਖਾਸ ਪਹਿਲੂ ਹੈ। ਟ੍ਰੇਲਰ ਦੇਖ ਕੇ ਅਸੀਂ ਕਹਿ ਸਕਦੇ ਹਾਂ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇਸ ਕਿਰਦਾਰ ਵਿੱਚ ਫਿਟ ਹੋਣ ਲਈ ਕਿੰਨੀ ਮਿਹਨਤ ਕੀਤੀ ਹੈ। ਅਦਾਕਾਰਾ ਨੇ ਫਿਲਮ ਦੇ ਪ੍ਰਮੋਸ਼ਨ ਦੌਰਾਨ ਖੁਦ ਵੀ ਕਿਹਾ ਹੈ ਕਿ ਫਿਲਮ ਦੀ ਪੂਰੀ ਟੀਮ ਨੇ ਫਿਲਮ ਨੂੰ ਬਹੁਤ ਹੀ ਪਿਆਰ ਨਾਲ ਫਿਲਮਾਇਆ ਹੈ।
ਫਿਲਮ ਦੀ ਮੰਝੀ ਹੋਈ ਸਟਾਰ ਕਾਸਟ: ਕਿਸੇ ਵੀ ਫਿਲਮ ਨੂੰ ਸ਼ਾਨਦਾਰ ਬਣਾਉਣ ਵਿੱਚ ਉਸ ਫਿਲਮ ਦੀ ਸਟਾਰ ਕਾਸਟ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਜੇਕਰ ਅਸੀਂ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਅਦਾਕਾਰਾ ਰੂਪੀ ਗਿੱਲ ਤੋਂ ਇਲਾਵਾ ਦਿੱਗਜ ਅਦਾਕਾਰ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਪਰਦੀਪ ਚੀਮਾ, ਜਰਨੈਲ ਸਿੰਘ, ਧੀਰਜ ਕੁਮਾਰ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬੀਐਨ ਸ਼ਰਮਾ, ਸੁਨੀਤਾ ਧੀਰ, ਰਾਣਾ ਜੰਗ ਬਹਾਦਰ, ਬਲਜਿੰਦਰ ਕੌਰ, ਰੰਗ ਦੇਵ, ਵਿਕਰਮਜੀਤ ਖਹਿਰਾ ਵਰਗੇ ਮੰਝੇ ਹੋਏ ਕਲਾਕਾਰ ਹਨ, ਜੋ ਯਕੀਨਨ ਫਿਲਮ ਨੂੰ ਦੇਖਣ ਦਾ ਇੱਕ ਖਾਸ ਕਾਰਨ ਹਨ।
ਮੋਬਾਇਲ ਜ਼ਮਾਨੇ ਵਿੱਚ ਪ੍ਰਮਾਤਮਾ ਨਾਲ ਜੋੜੇਗੀ ਫਿਲਮ: ਅੱਜ ਕੱਲ੍ਹ ਇੱਕ ਪਰਿਵਾਰ ਵਿੱਚ ਜੇਕਰ 5 ਜੀਅ ਹਨ ਤਾਂ ਯਕੀਨਨ ਉਨ੍ਹਾਂ ਪੰਜਾਂ ਕੋਲ ਮੋਬਾਇਲ ਫੋਨ ਹੋਣਗੇ, ਜਿਸ ਦੇ ਚੰਗੇ ਅਤੇ ਬੁਰੇ ਦੋਵੇਂ ਪ੍ਰਭਾਵ ਹਨ। ਅਜਿਹੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੀ ਫਿਲਮ ਦਾ ਆਉਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ, ਕਿਉਂਕਿ ਇਹ ਫਿਲਮ ਤੁਹਾਨੂੰ ਪ੍ਰਮਾਤਮਾ ਨਾਲ ਜੋੜੇਗੀ। ਤੁਹਾਨੂੰ ਇਹ ਦੱਸੇਗੀ ਕਿ ਜੇਕਰ ਤੁਸੀਂ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਜੋ ਅਸੰਭਵ ਹੁੰਦਾ ਹੈ ਉਹ ਵੀ ਸੰਭਵ ਹੋ ਜਾਂਦਾ ਹੈ।
ਫਿਲਮ ਦੇ ਮਨਮੋਹਕ ਦ੍ਰਿਸ਼: ਇਸ ਫਿਲਮ ਦਾ ਅੰਤਿਮ ਅਤੇ ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਅਨੇਕਾਂ ਸਾਲ ਪੁਰਾਣੇ ਸਮੇਂ ਵਿੱਚ ਲੈ ਜਾਵੇਗੀ, ਜਦੋਂ ਮੋਬਾਇਲ ਫੋਨ ਅਤੇ ਮੌਜੂਦਾ ਸੁੱਖ-ਸਹੂਲਤਾਂ ਤੋਂ ਬਿਨ੍ਹਾਂ ਲੋਕ ਆਪਣਾ ਜੀਵਨ ਬਸਰ ਕਰਦੇ ਸਨ। ਇਸ ਦੇ ਨਾਲ ਹੀ ਫਿਲਮ ਦੇ ਮਨਮੋਹਕ ਦ੍ਰਿਸ਼, ਘਰ ਤੁਹਾਨੂੰ ਯਕੀਨਨ ਅਲੱਗ ਤਰ੍ਹਾਂ ਦਾ ਅਨੁਭਵ ਕਰਵਾਉਣਗੇ। ਰਾਜਸਥਾਨ ਦੇ ਇਲਾਕੇ ਵਿੱਚ ਸ਼ੂਟ ਕੀਤੀ ਇਹ ਫਿਲਮ ਤੁਹਾਨੂੰ ਕਾਫੀ ਸ਼ਾਂਤੀ ਮਹਿਸੂਸ ਕਰਵਾਏਗੀ। ਉਪਰੋਕਤ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਇਸ ਫਿਲਮ ਨੂੰ ਯਕੀਨਨ ਦੇਖਣਾ ਚਾਹੀਦਾ ਹੈ।
- ਤੁਹਾਨੂੰ ਪ੍ਰਮਾਤਮਾ ਨਾਲ ਜੋੜ ਦੇਵੇਗੀ ਫਿਲਮ 'ਬੀਬੀ ਰਜਨੀ', ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼ - Bibi Rajni Trailer Out
- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ 'ਬੀਬੀ ਰਜਨੀ' ਦੀ ਸਟਾਰ ਕਾਸਟ, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - Punjabi Film Bibi Rajni
- ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ - bibi rajni