ਫਰੀਦਕੋਟ: ਸਾਲ 2018 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦਾ ਅਹਿਮ ਅਤੇ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ ਇੱਕ ਵਾਰ ਫਿਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਦੀ ਨਵੀਂ ਫ਼ਿਲਮ 'ਏਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਇੰਨੀ ਦਿਨੀ ਇੰਗਲੈਂਡ 'ਚ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
'ਕੁਅਲਟਰ ਮੋਸ਼ਨ ਪਿਕਚਰਜ਼' ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫ਼ਿਲਮਕਾਰ ਰੂਪਨ ਬਲ ਕਰ ਰਹੇ ਹਨ, ਜੋ ਇਸ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਏਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਫਿਲਮ ਦੀ ਸਟਾਰਕਾਸਟ: ਕੈਨੇਡਾ ਅਤੇ ਇੰਗਲੈਂਡ ਦੀਆਂ ਵੱਖ ਵੱਖ ਅਤੇ ਮਨਮੋਹਕ ਲੋਕੋਸ਼ਨਜ਼ 'ਤੇ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ ਅਤੇ ਮੈਂਡੀ ਤੱਖੜ੍ਹ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਪਾਕਿਸਤਾਨ ਕਲਾ ਖੇਤਰ ਦਾ ਵੱਡਾ ਨਾਂ ਮੰਨੇ ਜਾਂਦੇ ਅਤੇ ਬੇਸ਼ੁਮਾਰ ਸਫ਼ਲ ਅਤੇ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੇ ਨਾਸਿਰ ਚੁਣੋਤੀ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ, ਜੋ ਅੱਜ ਕੱਲ੍ਹ ਯੂਨਾਈਟਡ ਕਿੰਗਡਮ ਵਿਖੇ ਜਾਰੀ ਉਕਤ ਸ਼ੂਟਿੰਗ ਸ਼ਡਿਊਲ ਵਿੱਚ ਭਾਗ ਲੈ ਰਹੇ ਹਨ।
ਕਾਮੇਡੀ-ਡਰਾਮਾ ਕਹਾਣੀ ਅਧਾਰਿਤ ਅਤੇ ਭਾਵਨਾਤਮਕਤਾ ਰੰਗਾਂ ਵਿੱਚ ਰੰਗੀ ਜਾ ਰਹੀ ਇਸ ਫ਼ਿਲਮ ਦੁਆਰਾ ਲਹਿੰਦੇ ਪੰਜਾਬ ਦਾ ਇੱਕ ਹੋਰ ਚਰਚਿਤ ਅਤੇ ਖੂਬਸੂਰਤ ਚਿਹਰਾ ਇਮਰਾਨ ਅਸ਼ਰਫ ਵੀ ਪਾਲੀਵੁੱਡ ਵਿੱਚ ਪ੍ਰਭਾਵੀ ਦਸਤਕ ਦੇਣ ਜਾ ਰਹੇ ਹਨ, ਜੋ ਪਾਕਿਸਤਾਨੀ ਟੀ.ਵੀ ਅਤੇ ਕਲਾ ਖੇਤਰ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ। ਚੜ੍ਹਦੇ ਪੰਜਾਬ ਨਾਲ ਜੁੜੇ ਸਿਨੇਮਾਂ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੇ ਅਦਾਕਾਰ ਇਮਰਾਨ ਅਸ਼ਰਫ ਕਈ ਟੀ.ਵੀ ਸੀਰੀਅਲਾਂ ਜਿਵੇਂ ਕਿ 'ਦਿਲ ਲਾਗੀ' (2016), 'ਅਲੀਫ਼ ਅੱਲ੍ਹਾ ਔਰ ਇੰਸਾਨ' (2017-2018) ਅਤੇ 'ਰਕਸ-ਏ-ਬਿਸਮਿਲ' (2020-2021) ਵਿੱਚ ਆਪਣੀ ਲਾਜਵਾਬ ਅਦਾਕਾਰੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ, ਜੋ ਪੰਜਾਬੀ ਫ਼ਿਲਮ 'ਰਾਂਝਾ ਰਾਂਝਾ ਕਾਰਦੀ' (2018-2019) ਵਿੱਚ ਵੀ ਮਾਨਸਿਕ ਤੌਰ 'ਤੇ ਅਪਾਹਜ 'ਭੋਲਾ' ਦੀ ਭੂਮਿਕਾ ਨਿਭਾ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਲਕਸ ਸਟਾਈਲ ਅਵਾਰਡਾਂ ਵਿੱਚ ਸਰਵੋਤਮ ਟੀ.ਵੀ ਅਦਾਕਾਰ ਦਾ ਪੁਰਸਕਾਰ ਵੀ ਉਨ੍ਹਾਂ ਨੇ ਅਪਣੀ ਝੋਲੀ ਪਾਉਣ ਦਾ ਮਾਣ ਹਾਸਿਲ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ:-