ਚੰਡੀਗੜ੍ਹ : ਬਾਲੀਵੁੱਡ ਸਫਾਂ 'ਚ ਮਾਣਮੱਤੀ ਪਛਾਣ ਸਥਾਪਿਤ ਕਰ ਚੁੱਕੇ ਨਿਰਦੇਸ਼ਕ ਜਗਮੀਤ ਬੱਲ, ਜੋ ਬਤੌਰ ਗੀਤਕਾਰ ਵੀ ਨਵੇਂ ਆਯਾਮ ਸਿਰਜਦੇ ਜਾ ਰਹੇ ਹਨ। ਉਨਾਂ ਦਾ ਲਿਖਿਆ ਨਵਾਂ ਫ਼ਿਲਮੀ ਗੀਤ 'ਬੰਦਿਆਂ', ਜੋ ਭਾਵਪੂਰਨ ਸਬਦਾਂਵਲੀ ਦੇ ਚੱਲਦਿਆਂ ਚੁਫੇਂਰਿਓ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ। ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਤੇਰੀਆਂ ਮੇਰੀਆਂ ਹੇਰਾ ਫੇਰੀਆਂ' ਵਿੱਚ ਸ਼ਾਮਿਲ ਕੀਤੇ ਗਏ ਇਸ ਗਾਣੇ ਦਾ ਸੰਗੀਤ ਨਿਰਮਲ ਸਿੱਧੂ ਵੱਲੋਂ ਤਿਆਰ ਕੀਤਾ ਗਿਆ ਹੈ।
ਜਦਕਿ, ਇਸ ਨੂੰ ਆਵਾਜ਼ਾਂ ਨਿਰਮਲ ਸਿੱਧੂ ਤੋਂ ਇਲਾਵਾ ਚਰਚਿਤ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਅਤੇ ਮਸ਼ਹੂਰ ਪਾਕਿਸਤਾਨ ਫਨਕਾਰ ਜਾਵੇਦ ਬਸ਼ੀਰ ਵੱਲੋਂ ਦਿੱਤੀਆਂ ਗਈਆਂ ਹਨ, ਜਿੰਨਾਂ ਸਭਨਾਂ ਦੀ ਮਨ ਨੂੰ ਮੋਹ ਲੈਣ ਵਾਲੀਆਂ ਪਿੱਠਵਰਤੀ ਆਵਾਜ਼ਾਂ ਨਾਲ ਸਜਿਆ ਇਹ ਗਾਣਾ ਹਰ ਵਰਗ ਸਰੋਤਿਆ ਅਤੇ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਗੀਤ ਬਦਲ ਰਹੇ ਰਿਸ਼ਤਿਆਂ ਨੂੰ ਬਿਆਂ ਕਰਨ ਵਾਲਾ: ਫ਼ਿਲਮੀ ਅਤੇ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਨੂੰ ਮਿਲ ਰਹੀ ਸਲਾਹੁਤ ਨੂੰ ਲੈ ਕੇ ਗੀਤਕਾਰ ਜਗਮੀਤ ਬੱਲ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਇਸੇ ਸਬੰਧੀ ਮੁੰਬਈ ਤੋਂ ਈਟੀਵੀ ਭਾਰਤ ਨਾਲ ਉਚੇਚੀ ਗੱਲਬਾਤ ਕਰਦਿਆਂ ਦੱਸਿਆ ਕਿ 'ਹਰ ਇਨਸਾਨ ਅਤੇ ਰੋਜ਼ਮਰਾ ਜੀਵਨ ਨਾਲ ਜੁੜੀਆਂ ਤਲਖ਼ ਸੱਚਾਈਆਂ ਨੂੰ ਬਿਆਂ ਕਰਦਾ ਇਹ ਗੀਤ ਬਦਲ ਰਹੇ ਰਿਸ਼ਤਿਆਂ ਨੂੰ ਪ੍ਰਭਾਸ਼ਿਤ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਸੁਣਨ ਅਤੇ ਵੇਖਣ ਵਾਲਿਆ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।'

ਨਿਰਦੇਸ਼ਕ ਵਜੋਂ ਵੀ ਖਾਸ ਉਪਲਬਧੀ: ਜਗਮੀਤ ਬੱਲ ਪੰਜਾਬੀ ਸੰਗੀਤਕ ਵੀਡੀਓਜ਼ ਦੇ ਖੇਤਰ ਦਾ ਬਤੌਰ ਨਿਰਦੇਸ਼ਕ ਵੱਡਾ ਨਾਂਅ ਮੰਨੇ ਜਾਂਦੇ ਹਨ, ਜੋ ਬੇਸ਼ੁਮਾਰ ਬਿਗ ਸੈਟਅਪ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਕ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਪਦਮ ਸ਼੍ਰੀ ਹੰਸ ਰਾਜ ਹੰਸ ਤੋਂ ਇਲਾਵਾ ਗੁਰਦਾਸ ਮਾਨ, ਮੀਕਾ, ਬਿਕਰਮਜੀਤ ਸਾਹਨੀ, ਮਾਨ, ਹਰਸ਼ਦੀਪ ਕੌਰ, ਜੈਜ਼ੀ ਬੀ, ਮਲਕੀਤ ਸਿੰਘ, ਪੰਮੀ ਬਾਈ, ਭਗਵੰਤ ਮਾਨ , ਅਮਰ ਨੂਰੀ, ਬਾਲੀ ਬ੍ਰਹਮਭੱਟ ਅਤੇ ਸੁਖਸ਼ਿੰਦਰ ਸ਼ਿੰਦਾ , ਸਵ.ਸੁਰਜੀਤ ਬਿੰਦਰਖੀਆ, ਸਰਦੂਲ ਸਿਕੰਦਰ ਆਦਿ ਜਿਹੇ ਉਚ-ਕੋਟੀ ਫਨਕਾਰਾਂ ਦੇ ਸਾਹਮਣੇ ਆ ਚੁੱਕੇ ਅਤੇ ਖਾਸੀ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਕਈ ਸੰਗੀਤਕ ਵੀਡੀਓਜ਼ ਸ਼ਾਮਿਲ ਰਹੇ ਹਨ।
ਸੰਗੀਤਕ ਵੀਡੀਓਜ਼ ਤੋਂ ਇਲਾਵਾ ਕਈ ਨਾਨ ਫਿਕਸ਼ਨ ਟੀ.ਵੀ ਸ਼ੋਅਜ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ ਜਗਮੀਤ ਬੱਲ, ਜਿੰਨਾਂ ਵਿਚ 'ਕੋਲਗੇਟ ਜੈੱਲ ਯੂਡਲੀ ਯੂ' , 'ਡਾਕਖਾਨਾ ਆਪਣਾ ਘਰ' , 'ਵਾਹ ਕੀ ਸੀਨ ਹੈ' ,'ਆਰਚੀਜ਼ ਸਿਖਰ ਦਾ ਸ਼ਿਖਰ', 'ਸਾ ਰੇ ਗਾ ਮਾਂ ਪੰਜਾਬੀ', 'ਮੇਰੀਆਂ ਗੱਲਾਂ, ਮੇਰੇ ਗੀਤ', 'ਗੁੱਡੀ ਚੜ੍ਹਦੀ ਜਾਂਦੀ', 'ਮਾਨ ਪੰਜਾਬ ਦੇ - ਲਾਈਵ ਕੰਸਰਟ' ਆਦਿ ਸ਼ੁਮਾਰ ਰਹੇ ਹਨ।