ਚੰਡੀਗੜ੍ਹ: 16 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਜਗਜੀਤ ਸੰਧੂ ਸਟਾਰਰ ਪੰਜਾਬੀ ਫਿਲਮ 'ਓਏ ਭੋਲੇ ਓਏ' ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਰਿਲੀਜ਼ ਹੋਣ ਤੋਂ ਬਾਅਦ ਹੁਣ ਇਹ ਫਿਲਮ ਇੱਕ ਵਿਵਾਦ ਵਿੱਚ ਫਸੀ ਨਜ਼ਰੀ ਪੈ ਰਹੀ ਹੈ।
ਜੀ ਹਾਂ...ਹਾਲ ਹੀ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਫਿਲਮ 'ਓਏ ਭੋਲੇ ਓਏ' ਦੇ ਇੱਕ ਸੀਨ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਨੇ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ਿਕਾਇਤ 'ਤੇ ਜਲੰਧਰ ਪੁਲਿਸ ਨੇ ਫਿਲਮ ਦੇ ਨਿਰਦੇਸ਼ਕ ਵਰਿੰਦਰ ਰਾਮਗੜ੍ਹੀਆ ਅਤੇ ਅਦਾਕਾਰ ਜਗਜੀਤ ਸੰਧੂ ਖਿਲਾਫ ਐੱਫਆਈਆਰ ਦਰਜ ਕੀਤੀ ਹੈ।
ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਓਏ ਭੋਲੇ ਓਏ' 'ਚ ਇੱਕ ਸੀਨ ਦਿਖਾਇਆ ਗਿਆ ਹੈ, ਜਿਸ ਸੀਨ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਈਸਾਈ ਧਰਮ ਦੀਆਂ ਪ੍ਰਾਰਥਨਾਵਾਂ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ, ਜਿਸ ਕਾਰਨ ਲੋਕ ਭਾਈਚਾਰੇ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਨਿਰਮਾਤਾਵਾਂ ਨੇ ਫਿਲਮ 'ਚ ਗਲਤ ਸੀਨ ਦਿਖਾ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਫਿਲਹਾਲ ਇਸ ਮਸਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਫਿਲਮ ਦੇ ਨਿਰਦੇਸ਼ਕ ਅਤੇ ਐਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਤੱਕ ਇਸ ਸੰਬੰਧੀ ਫਿਲਮ ਦੇ ਐਕਟਰ ਅਤੇ ਨਿਰਦੇਸ਼ਕ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।
ਉਲੇਖਯੋਗ ਹੈ ਕਿ ਪੰਜਾਬੀ ਫਿਲਮ 'ਓਏ ਭੋਲੇ ਓਏ' ਵਿੱਚ ਜਗਜੀਤ ਸੰਧੂ ਤੋਂ ਇਲਾਵਾ ਧੀਰਜ ਕੁਮਾਰ, ਪਰਦੀਪ ਚੀਮਾ, ਪ੍ਰਕਾਸ਼ ਗਾਧੂ, ਜੱਸ ਦਿਓਲ, ਰੁਪਿੰਦਰ ਰੂਪੀ, ਜਰਨੈਲ ਸਿੰਘ, ਬਲਵਿੰਦਰ ਬੁਲੇਟ, ਦਿਲਾਵਰ ਸਿੱਧੂ, ਕੁਮਾਰ ਅਜੇ, ਜਤਿੰਦਰ ਰਾਮਗੜ੍ਹੀਆ, ਬੇਅੰਤ ਸਿੰਘ ਬੁੱਟਰ, ਗੁਰਨਵਦੀਪ ਸਿੰਘ ਵਰਗੇ ਸ਼ਾਨਦਾਰ ਅਤੇ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ। ਫਿਲਮ ਬਾਕਸ ਆਫਿਸ ਉਤੇ ਕਾਫੀ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ।