ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਨਵਾਂ ਸਾਲ 2024 ਕੰਟੈਂਟ ਅਤੇ ਸੈੱਟਅੱਪ ਪੱਖੋਂ ਕਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਜਾ ਰਿਹਾ ਹੈ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਜੇ ਪੈਸਾ ਬੋਲਦਾ ਹੁੰਦਾ', ਜਿਸ ਦਾ ਗਾਣਾ 'ਲੱਕ ਟੁਣੂੰ ਟੁਣੂੰ' ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਾਫ਼ੀ ਮਕਬੂਲੀਅਤ ਹਾਸਿਲ ਕਰ ਰਿਹਾ ਹੈ।
ਪੰਜਾਬੀ ਸਿਨੇਮਾ ਦੀ ਆਉਣ ਵਾਲੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫਿਲਮ ਦਾ ਨਿਰਮਾਣ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰਾ ਇਹਾਨਾ ਢਿੱਲੋਂ ਵੱਲੋਂ ਕੀਤਾ ਗਿਆ ਹੈ, ਜੋ ਅਦਾਕਾਰੀ ਦੇ ਨਾਲ-ਨਾਲ ਨਿਰਮਾਤਰੀ ਦੇ ਤੌਰ 'ਤੇ ਵੀ ਪਾਲੀਵੁੱਡ ਵਿਚ ਨਵੇਂ ਆਯਾਮ ਸਿਰਜਣ ਦਾ ਰਾਹ ਅੱਜਕੱਲ੍ਹ ਤੇਜ਼ੀ ਨਾਲ ਸਰ ਕਰ ਰਹੀ ਹੈ।
ਪੰਜਾਬੀ ਦੇ ਇਲਾਵਾ ਹਿੰਦੀ ਫਿਲਮ ਜਗਤ ਵਿੱਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜ ਰਹੀ ਇਹ ਉਮਦਾ ਅਦਾਕਾਰਾ ਇਸ ਤੋਂ ਪਹਿਲਾਂ 'ਟਾਈਗਰ', 'ਠੱਗ ਲਾਈਫ', 'ਡੈਡੀ ਕੂਲ ਮੁੰਡੇ ਫੂਲ', 'ਭੁਜ: ਦਿ ਪ੍ਰਾਈਡ ਆਫ ਇੰਡੀਆ', 'ਹੇਟ ਸਟੋਰੀ', 'ਹੇਟ ਸਟੋਰੀ 4', 'ਕਸਕ', 'ਬਲੈਕੀਆ', 'ਗੋਲ ਗੱਪਾ', 'ਭੂਤ ਅੰਕਲ' ਆਦਿ ਜਿਹੀਆਂ ਚਰਚਿਤ ਫਿਲਮਾਂ ਵਿੱਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।
ਇਸੇ ਮਹੀਨੇ 23 ਫਰਵਰੀ 2024 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਦੇ ਜਾਰੀ ਗਾਣੇ ਨੂੰ ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ, ਜਿਸ ਦਾ ਫਿਲਮਾਂਕਣ ਬਹੁਤ ਹੀ ਦੇਸੀ ਰੂਪ ਵਿੱਚ ਕੀਤਾ ਗਿਆ ਹੈ।
ਸੰਗੀਤਕ ਟੀਮ ਅਨੁਸਾਰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਸਨੇਹ ਨਾਲ ਨਿਵਾਜਿਆ ਜਾ ਰਿਹਾ ਇਹ ਗਾਣਾ ਇੱਕ ਬਹੁਤ ਹੀ ਪ੍ਰਸਿੱਧ ਪੁਰਾਣੇ ਗੀਤ ਦਾ ਨਵਾਂ ਰੂਪ ਹੈ, ਜੋ ਕਿ ਪਹਿਲਾਂ ਸੁਰਜੀਤ ਬਿੰਦਰਖੀਆ ਦੁਆਰਾ ਗਾਏ ਗਏ ਪ੍ਰਸਿੱਧ ਚਾਰਟਬਸਟਰ ਗੀਤ ਦਾ ਨਵਾਂ ਆਧੁਨਿਕ ਸੰਸਕਰਣ ਹੈ।
ਮੋਹਾਲੀ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਿਲਚਸਪ-ਡਰਾਮਾ ਕਹਾਣੀਸਾਰ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਇਹਾਨਾ ਢਿੱਲੋਂ ਅਤੇ ਹਰਦੀਪ ਗਰੇਵਾਲ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਦੇ ਨਾਲ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ।
ਮੂਲ ਰੂਪ ਵਿੱਚ ਜ਼ਿਲ੍ਹਾਂ ਫਰੀਦਕੋਟ ਦੇ ਕਸਬੇ ਜੈਤੋ ਅਧੀਨ ਆਉਂਦੇ ਪਿੰਡ ਦਬੜੀਖਾਨਾ ਨਾਲ ਤਾਲੁਕ ਰੱਖਦੀ ਅਦਾਕਾਰਾ ਇਹਾਨਾ ਢਿੱਲੋਂ ਹਿੰਦੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੀ ਹੈ, ਜੋ ਆਨ ਫਲੋਰ ਜਾ ਰਹੀਆਂ ਕੁਝ ਹੋਰ ਬਿੱਗ ਸੈਟਅੱਪ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੀ ਹੈ।