ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਗਿੱਲ ਹਰਦੀਪ ਪੁਰਾਤਨ ਵੰਨਗੀਆਂ ਨੂੰ ਸਹੇਜਣ 'ਚ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਲੋਕ-ਗਾਇਕੀ ਨੂੰ ਹੁਲਾਰਾ ਦੇਣ ਸੰਬੰਧਤ ਜਾਰੀ ਕੋਸ਼ਿਸਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮਿਰਜ਼ੇ ਦੇ ਤੀਰ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਸੰਗੀਤ ਪੇਸ਼ਕਰਤਾ ਨਿੰਮਾ ਵਿਰਕ' ਅਤੇ 'ਰੇਸ਼ਮ ਬਰਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਵਿੱਚ ਮਿਰਜ਼ੇ ਨੂੰ ਬਹੁਤ ਖੂਬਸੂਰਤ ਅਤੇ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ, ਜਿਸ ਨੂੰ ਗਾਇਕ ਗਿੱਲ ਹਰਦੀਪ ਵੱਲੋਂ ਬਹੁਤ ਹੀ ਨਿਵੇਕਲੇ ਅਤੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਨਬੱਧ ਕੀਤਾ ਗਿਆ ਹੈ, ਜੋ ਇਸ ਤਰ੍ਹਾਂ ਦੇ ਵਿਸ਼ੇਸ਼ ਗਾਣੇ ਗਾਉਣ ਵਿੱਚ ਕਾਫ਼ੀ ਮੁਹਾਰਤ ਰੱਖਦੇ ਹਨ।
20 ਨਵੰਬਰ ਨੂੰ ਵਰਲਡ-ਵਾਈਡ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਦੀ ਰਚਨਾ ਰੇਸ਼ਮ ਬਰਿਚ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਸਦੀਆਂ ਤੋਂ ਸੰਗੀਤਕ ਫਿਜ਼ਾਵਾਂ ਵਿੱਚ ਅਪਣਾ ਅਸਰ ਬਰਕਰਾਰ ਰੱਖਣ ਵਿੱਚ ਸਫ਼ਲ ਰਹੀ ਲੋਕ ਗਾਥਾ ਮਿਰਜ਼ਾ, ਜਿਸ ਨੂੰ ਸਮੇਂ ਦਰ ਸਮੇਂ ਕਈ ਅਜ਼ੀਮ ਗਾਇਕਾਂ ਵੱਲੋਂ ਅਪਣੇ ਅਪਣੇ ਢੰਗ ਵਿੱਚ ਅੰਜ਼ਾਮ ਦਿੱਤਾ ਗਿਆ ਹੈ, ਪਰ ਉਕਤ ਗਾਣੇ ਨੂੰ ਸ਼ਬਦਾਂਵਲੀ ਅਤੇ ਗਾਇਕੀ ਪੱਖੋਂ ਵੱਖਰੇ ਰੰਗ ਦੇਣ ਦੀ ਕੋਸ਼ਿਸ਼ ਉਨ੍ਹਾਂ ਦੀ ਟੀਮ ਖਾਸ ਕਰ ਗਿੱਲ ਹਰਦੀਪ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਉੱਚੀ ਅਤੇ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਗਾਣਾ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣ ਚੁੱਕੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਅਸਲ ਪੰਜਾਬ ਦੇ ਕਈ ਅਜਿਹੇ ਰੰਗ ਮੁੜ ਵੇਖਣ ਨੂੰ ਮਿਲਣਗੇ, ਜੋ ਹੌਲੀ ਹੌਲੀ ਅਪਣਾ ਅਸਰ ਗੁਆਉਂਦੇ ਜਾ ਰਹੇ ਹਨ।
ਇਹ ਵੀ ਪੜ੍ਹੋ: