ਚੰਡੀਗੜ੍ਹ: ਪੰਜਾਬੀ ਸਾਹਿਤ ਵਿੱਚ ਰੁਚੀ ਰੱਖਣ ਵਾਲਾ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ, ਜਿਸ ਨੇ ਕਵੀ ਸੁਰਜੀਤ ਪਾਤਰ ਨੂੰ ਪੜ੍ਹਿਆ ਨਾ ਹੋਵੇ। ਉਨ੍ਹਾਂ ਦੀਆਂ ਕਈ ਕਵਿਤਾਵਾਂ ਦਾ ਅਜਿਹੀਆਂ ਹਨ, ਜਿਨ੍ਹਾਂ ਨੇ ਲੋਕ ਗੀਤਾਂ ਵਾਂਗ ਲੋਕਾਂ ਦੀਆਂ ਜ਼ੁਬਾਨਾਂ ਉਤੇ ਰਾਜ ਕੀਤਾ ਹੋਇਆ ਹੈ।
ਹੁਣ 11 ਮਈ ਦੀ ਸਵੇਰ ਨੇ ਅਜਿਹੀ ਕਰਵੱਟ ਲਈ ਕਿ ਪੰਜਾਬੀ ਸਾਹਿਤ ਦੇ ਦਿੱਗਜ ਕਵੀ ਸੁਰਜੀਤ ਪਾਤਰ ਨੂੰ ਸਾਡੇ ਤੋਂ ਖੋਹ ਲਿਆ। ਜੀ ਹਾਂ...ਇਹ ਦਿੱਗਜ ਕਵੀ ਹੁਣ ਸਾਡੇ ਵਿੱਚ ਨਹੀਂ ਹਨ, ਉਹਨਾਂ ਦਾ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ ਪਰ ਇਹਨਾਂ ਦੀਆਂ ਲਿਖੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਸਾਡੇ ਵਿੱਚ ਰਹਿਣਗੀਆਂ।
ਹੁਣ ਇਸ ਦਿੱਗਜ ਕਵੀ ਦੇ ਦੇਹਾਂਤ ਨੇ ਸਾਹਿਤਕਾਰ, ਗੀਤਕਾਰ, ਗਾਇਕ, ਅਦਾਕਾਰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ, ਕਵੀ ਦੇ ਇਸ ਬੇਵਖ਼ਤੇ ਦੇਹਾਂਤ ਨੇ ਸਭ ਨੂੰ ਵੱਡਾ ਸਦਮਾ ਦਿੱਤਾ। ਹੁਣ ਪੰਜਾਬੀ ਮਨੋਰੰਜਨ ਜਗਤ ਦੇ ਦਿੱਗਜ ਗਾਇਕ-ਅਦਾਕਾਰ ਸ਼ੋਸ਼ਲ ਮੀਡੀਆ ਉਤੇ ਕਵੀ ਨਾਲ ਸੰਬੰਧਿਤ ਪੋਸਟਾਂ ਪਾ ਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।
ਰਾਣਾ ਰਣਬੀਰ: ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉਤੇ ਕਵੀ ਸੁਰਜੀਤ ਪਾਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਦੁੱਖਦਾਇਕ...ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ‘ਤੇ ਲੀਕ ਹਾਂ।...ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ। ਅਲਵਿਦਾ ਪਾਤਰ ਸਾਹਿਬ।'
ਰਘਵੀਰ ਬੋਲੀ: ਅਦਾਕਾਰ ਰਘਵੀਰ ਬੋਲੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉਤੇ ਇਸ ਦੁਖਦਾਈ ਖਬਰ ਉਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, 'ਜੇ ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਓ, ਲਿਆਉਨਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਲਵਿਦਾ ਪਾਤਰ ਸਾਬ।'
ਭਗਵੰਤ ਮਾਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਕਵੀ ਸੁਰਜੀਤ ਪਾਤਰ ਦੀ ਮੌਤ ਉਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, 'ਬਹੁਤ ਮੰਦਭਾਗੀ ਖਬਰ ਆ, ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।'
ਗੁਰਪ੍ਰੀਤ ਘੁੱਗੀ: ਪਾਲੀਵੁੱਡ ਦੇ ਕਾਮੇਡੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਉਤੇ ਦੁੱਖ ਵਾਲੇ ਇਮੋਜੀ ਨਾਲ ਲਿਖਿਆ, 'ਪੰਜਾਬ ਦਾ ਉਹ ਹੱਥ ਅੱਜ ਸੁੰਨ ਹੋ ਗਿਆ ਜਿਹਦੇ ਨਾਲ ਇਹ ਕਲਮ ਫੜਦਾ ਸੀ: ਅਲਵਿਦਾ ਪਾਤਰ ਸਾਹਿਬ।'
- ਮਰਹੂਮ ਕਵੀ ਸੁਰਜੀਤ ਪਾਤਰ ਨੇ ਪੰਜਾਬ ਦੇ ਕਾਵਿ ਜਗਤ ਨੂੰ ਦਿੱਤੀ ਸੀ ਨਵੀਂ ਉਡਾਣ, ਕਈ ਕਵਿਤਾਵਾਂ ਪੂਰੇ ਵਿਸ਼ਵ 'ਚ ਹਨ ਮਸ਼ਹੂਰ - Patars contribution to poetry
- ਸੁਰਜੀਤ ਪਾਤਰ ਦਾ ਸੋਮਵਾਰ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ, ਬੇਟਾ ਆਸਟ੍ਰੇਲੀਆ ਤੋਂ ਪਰਤ ਰਿਹੈ ਲੁਧਿਆਣਾ - Surjit Patar Funeral
- ਪੰਜਾਬ ਦੇ ਉੱਘੇ ਕਵੀ ਸੁਰਜੀਤ ਪਾਤਰ ਦਾ ਦੇਹਾਂਤ, 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ - Surjit Patar passed away
ਅਮਰ ਨੂਰੀ: ਅਦਾਕਾਰਾ ਅਮਰ ਨੂਰੀ ਨੇ ਵੀ ਆਪਣੇ ਦੁੱਖ ਨੂੰ ਪ੍ਰਗਟ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ ਅਤੇ ਲਿਖਿਆ, 'ਬਹੁਤ ਗਹਿਰਾ ਦੁੱਖ ਹੋਇਆ ਇੱਕ ਮਹਾਨ ਸ਼ਾਇਦ ਅਤੇ ਇਨਸਾਨ ਦੇ ਵਿਛੜ ਜਾਣ ਦਾ, ਰੱਬ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਦੇਵੇ।'
ਕੁਲਵਿੰਦਰ ਬਿੱਲਾ: ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਵੀ ਆਪਣੇ ਇੰਸਟਾਗ੍ਰਾਮ ਉਤੇ ਇਸ ਦੁੱਖ ਨੂੰ ਬਿਆਨ ਕੀਤਾ ਅਤੇ ਲਿਖਿਆ, 'ਸੁਰਜੀਤ ਪਾਤਰ ਜੀ ਅਲਵਿਦਾ, ਜੇ ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤੋਂ, ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।'
ਅਨਮੋਲ ਗਗਨ ਮਾਨ: ਕਲਚਰ ਮੰਤਰੀ ਅਤੇ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਉਤੇ ਸ਼ਾਇਰ ਦੇ ਚੱਲੇ ਜਾਣ ਦਾ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, 'ਪੰਜਾਬੀ ਸਾਹਿਤ ਦੇ ਥੰਮ੍ਹ, ਮਹਾਨ ਸ਼ਾਇਰ, ਪਦਮਸ਼੍ਰੀ ਸੁਰਜੀਤ ਪਾਤਰ ਜੀ ਦੇ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਜਾਣ ਨਾਲ ਸਾਹਿਤ ਜਗਤ ਨੂੰ ਜੋ ਘਾਟਾ ਪਿਆ ਹੈ, ਉਹ ਨਾ-ਪੂਰਨਯੋਗ ਹੈ। ਤੁਹਾਡੇ ਮੇਰੇ ਨਾਲ ਸਾਂਝੇ ਕੀਤੇ ਸੁਪਨਿਆਂ ਨੂੰ ਪੂਰਾ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗੀ। ਰਹਿੰਦੀ ਦੁਨੀਆ ਤੀਕ ਤੁਸੀਂ ਪੰਜਾਬੀਆਂ ਦੇ ਦਿਲਾਂ 'ਚ ਰਹੋਗੇ।'
ਦਿਲਜੀਤ ਦੁਸਾਂਝ: ਆਪਣੀ ਅਦਾਕਾਰੀ ਅਤੇ ਗਾਇਕੀ ਕਾਰਨ ਇਸ ਸਮੇਂ ਚਰਚਾ ਵਿੱਚ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉਤੇ ਪੋਸਟ ਸਾਂਝੀ ਕੀਤੀ ਅਤੇ ਦੁੱਖ ਪ੍ਰਗਟ ਕੀਤਾ, ਗਾਇਕ ਨੇ ਕਵੀ ਨਾਲ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਉਹ ਵਾਹਿਗੁਰੂ।'
ਦੇਬੀ ਮਖਸੂਸਪੁਰੀ: ਆਪਣੀ ਸ਼ਾਨਦਾਰ ਲਿਖਤ ਕਾਰਨ ਲੋਕਾਂ ਵਿੱਚ ਮਸ਼ਹੂਰ ਗਾਇਕ ਦੇਬੀ ਮਖਸੂਸਪੁਰੀ ਨੇ ਵੀ ਸ਼ਾਇਰ ਸੁਰਜੀਤ ਪਾਤਰ ਨਾਲ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਅਲਵਿਦਾ ਗੁਰੂ ਜੀ, ਤੁਸੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ ਪਰ ਤੁਹਾਡਾ ਏਦਾਂ ਸਾਨੂੰ ਬਿਨ ਦੱਸਿਆ ਜਾਣਾ ਨਹੀਂ ਬਣਦਾ ਸੀ।'