ਚੰਡੀਗੜ੍ਹ: ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਵਿਖੇ ਆਯੋਜਿਤ ਕਰਵਾਏ ਗਏ ਚੌਥੇ ਬਠਿੰਡਾ ਫਿਲਮ ਫ਼ੈਸਟੀਵਲ 'ਚ ਜੱਸੀ ਮਾਨ ਨਿਰਦੇਸ਼ਿਤ ਪੰਜਾਬੀ ਫਿਲਮ 'ਪੂਰਨਮਾਸ਼ੀ' ਕਈ ਮਾਅਰਕੇ ਮਾਰਨ ਵਿੱਚ ਸਫ਼ਲ ਰਹੀ, ਜਿਸ ਨੇ ਪਹਿਲਾਂ ਸਥਾਨ ਅਪਣੇ ਨਾਂਅ ਕਰਨ ਦਾ ਮਾਣ ਹਾਸਿਲ ਕੀਤਾ।
'ਬਲਵੰਤ ਗਾਰਗੀ ਆਡੀਟੋਰੀਅਮ' ਵਿਖੇ ਆਯੋਜਿਤ ਕਰਵਾਏ ਗਏ ਉਕਤ ਫ਼ੈਸਟੀਵਲ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ, ਜਦਕਿ ਜਿਊਰੀ ਮੈਂਬਰਾਂ ਵਿੱਚ ਮਹਾਂਬੀਰ ਭੁੱਲਰ, ਰੁਪਿੰਦਰ ਰੂਪੀ ਅਤੇ ਸੁਨੀਤਾ ਧੀਰ ਸ਼ਾਮਿਲ ਰਹੇ।
ਪੰਜਾਬੀ ਲਘੂ ਫਿਲਮਾਂ ਨੂੰ ਨਵੇਂ ਅਯਾਮ ਦੇਣ ਲਈ ਅਤੇ ਇਸ ਨਾਲ ਜੁੜੇ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਲਈ ਕਰਵਾਏ ਗਏ ਇਸ ਫ਼ੈਸਟੀਵਲ ‘ਚ ਪਹਿਲਾਂ ਇਨਾਮ ਪੰਜਾਬੀ ਲਘੂ ਫਿਲਮ 'ਪੂਰਨਮਾਸ਼ੀ' ਅਤੇ ਦੂਜਾ 'ਬਾਜ਼' ਅਤੇ ਤੀਜਾ ਇਨਾਮ 'ਮਾਸਾ ਹਾਰ ਬਸਤੀ' ਦੇ ਹਿੱਸੇ ਆਇਆ।
ਸਿਨੇਮਾ ਅਤੇ ਕਲਾ ਖੇਤਰ ਦੀਆਂ ਅਜ਼ੀਮ ਸ਼ਖਸੀਅਤਾਂ ਦੀ ਸ਼ਾਨਦਾਰ ਮੌਜ਼ੂਦਗੀ ਨਾਲ ਅੋਤ ਪੋਤ ਰਹੇ ਉਕਤ ਸਮਾਰੋਹ ਦੌਰਾਨ ਪਾਲੀਵੁੱਡ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਨੂੰ ਪੰਜਾਬ ਗੋਲਡ ਸਨਮਾਨ ਨਾਲ ਨਿਵਾਜਿਆ ਗਿਆ।
ਸਿਨੇਮਾ ਪ੍ਰੇਮੀਆਂ ਦੇ ਆਕਰਸ਼ਣ ਦਾ ਕੇਂਦਰ ਬਿੰਦੂ ਰਹੇ ਉਕਤ ਫ਼ੈਸਟੀਵਲ ਦੌਰਾਨ 17 ਬਿਹਤਰੀਨ ਸਮਝੀਆਂ ਗਈਆਂ ਲਘੂ ਫਿਲਮਾਂ ਦੀ ਵਿਸ਼ੇਸ਼ ਸਕ੍ਰੀਨਿੰਗ ਕੀਤੀ ਗਈ, ਜਿੰਨ੍ਹਾਂ ਦਾ ਬਹੁ-ਗਿਣਤੀ ਦਰਸ਼ਕਾਂ ਨੇ ਰੱਜਵਾਂ ਆਨੰਦ ਮਾਣਿਆ। ਅਮਿੱਟ ਯਾਦਾਂ ਦੀ ਛਾਪ ਛੱਡ ਸੰਪੰਨ ਹੋਏ ਉਕਤ ਫ਼ੈਸਟੀਵਲ ਦੌਰਾਨ ਪਹਿਲਾਂ ਇਨਾਮ ਦੀ ਹੱਕਦਾਰ ਬਣੀ ਫਿਲਮ ਪੂਰਨਮਾਸ਼ੀ ਦੀ ਵੱਖ-ਵੱਖ ਕੈਟਾਗਰੀਜ਼ ਅਧੀਨ ਝੋਲੀ ਪਏ ਐਵਾਰਡਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਸਰਵੋਤਮ ਫਿਲਮ ਤੋਂ ਇਲਾਵਾ ਸਰਵੋਤਮ ਨਿਰਦੇਸ਼ਕ-ਜੱਸੀ ਮਾਨ, ਸਰਵੋਤਮ ਲੇਖਕ-ਸਪਿੰਦਰ ਸਿੰਘ ਸ਼ੇਰਗਿੱਲ, ਸਰਵੋਤਮ ਅਦਾਕਾਰਾ (ਮਹਿਲਾ) ਪੂਨਮ ਸੂਦ, ਸਰਵੋਤਮ ਅਦਾਕਾਰ (ਪੁਰਸ਼) ਜਿੰਮੀ ਸ਼ਰਮਾ ਸ਼ੁਮਾਰ ਰਹੇ।
ਇਹ ਵੀ ਪੜ੍ਹੋ: