ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਚਰਚਿਤ ਗਾਇਕ ਮੇਜਰ ਮਹਿਰਮ ਦਾ ਅੱਜ ਉਨਾਂ ਦੇ ਗ੍ਰਹਿ ਨਗਰ ਫ਼ਰੀਦਕੋਟ ਵਿਖੇ ਅਚਾਨਕ ਦੇਹਾਂਤ ਹੋ ਗਿਆ, ਜੋ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਇਸੇ ਮੱਦੇਨਜ਼ਰ ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਸਨ, ਜਿੱਥੇ ਹੀ ਮੰਗਲਵਾਰ ਤੜਕਸਾਰ ਉਨਾਂ ਆਖਰੀ ਸਾਹ ਲਏ।
ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਅਨੇਕਾਂ ਹੀ ਮਕਬੂਲ ਗੀਤਾਂ ਨਾਲ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਲੰਮੇਰਾ ਸਮਾਂ ਰਾਜ ਕਰਦੇ ਰਹੇ ਇਸ ਬਿਹਤਰੀਨ ਗਾਇਕ ਦਾ ਜਨਮ ਮਾਲਵਾ ਦੇ ਜ਼ਿਲਾਂ ਮੋਗਾ ਅਧੀਨ ਆਉਂਦੇ ਮਸ਼ਹੂਰ ਪਿੰਡ ਚੂਹੜਚੱਕ ਵਿੱਚ ਹੋਇਆ, ਜਿੱਥੋਂ ਨਾਲ ਸੰਬੰਧਤ ਕਈ ਸ਼ਖਸ਼ੀਅਤਾਂ ਨੇ ਇਸ ਗਰਾਂ ਦਾ ਨਾਂਅ ਦੁਨੀਆਂ ਭਰ ਵਿੱਚ ਚਮਕਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ, ਜਿੰਨਾਂ ਦੀ ਹੀ ਲੜੀ ਨੂੰ ਹੋਰ ਸ਼ਾਨਮੱਤੇ ਅਯਾਮ ਦੇਣ ਵਿੱਚ ਇਸ ਹੋਣਹਾਰ ਅਤੇ ਸੁਰੀਲੇ ਗਾਇਕ ਮੇਜਰ ਮਹਿਰਮ ਨੇ ਅਹਿਮ ਭੂਮਿਕਾ ਨਿਭਾਈ, ਜਿੰਨਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ।
ਸਾਲ 1991 ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਸ਼ਾਨਦਾਰ ਦਸਤਕ ਦੇਣ ਵਾਲੇ ਇਸ ਉਮਦਾ ਗਾਇਕ ਵੱਲੋਂ ਆਪਣੇ ਗਾਇਕੀ ਸਫ਼ਰ ਦਾ ਰਸਮੀ ਆਗਾਜ਼ 'ਮੁੱਖੜਾ ਗੁਲਾਬੀ' ਐਲਬਮ ਤੋਂ ਕੀਤਾ ਗਿਆ, ਜਿਸ ਨੂੰ ਆਪਾਰ ਕਾਮਯਾਬੀ ਤੋਂ ਬਾਅਦ ਓਨਾਂ ਕਈ ਸੁਪਰ ਹਿੱਟ ਗਾਣਿਆਂ ਨਾਲ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਇਆ, ਜਿੰਨਾਂ ਦੇ ਚਰਚਿਤ ਰਹੇ ਗਾਣਿਆਂ ਵਿੱਚ 'ਹੰਝੂਆਂ ਨੇ ਖਤ ਲਿਖਤਾ', 'ਨਾਗਣੀ ਦੇ ਡੰਗੇ' ਆਦਿ ਸ਼ੁਮਾਰ ਰਹੇ।
ਦੂਰਦਰਸ਼ਨ ਜਲੰਧਰ ਤੋਂ ਲੈ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਰਹੇ ਇਸ ਗਾਇਕ ਨੇ ਮਿੰਨੀ ਸਰਦੂਲ ਸਿਕੰਦਰ ਦੇ ਤੌਰ 'ਤੇ ਵੀ ਸੰਗੀਤਕ ਗਲਿਆਰਿਆਂ ਵਿੱਚ ਚੋਖੀ ਭੱਲ ਕਾਇਮ ਕੀਤੀ, ਜਿੰਨਾਂ ਦੀ ਕਲਾ ਨੂੰ ਸਵ.ਸਰਦੂਲ ਸਿਕੰਦਰ ਦੀ ਵੀ ਰੱਜਵੀਂ ਸਲਾਹੁਤਾ ਹਾਸਿਲ ਹੋਈ ਅਤੇ ਇਹੀ ਕਾਰਨ ਹੈ ਕਿ ਗਾਇਕ ਮੇਜਰ ਮਹਿਰਮ ਉਨਾਂ ਨੂੰ ਅਪਣੇ ਆਖਰੀ ਸਾਹਾਂ ਤੱਕ ਗੁਰੂ ਵਾਂਗ ਨਵਾਜਦੇ ਰਹੇ।
ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਲਗਭਗ ਤਿੰਨ ਦਹਾਕਿਆਂ ਤੱਕ ਪੂਰਨ ਸਰਗਰਮ ਰਹੇ ਇਹ ਅਜ਼ੀਮ ਗਾਇਕ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਨਾਮਵਰ ਗਾਇਕਾਵਾਂ ਸੁਦੇਸ਼ ਕੁਮਾਰੀ, ਸਾਬਰ ਖਾਨ, ਮਨਜੀਤ ਮਣੀ ਨਾਲ ਵੀ ਗਾਇਆ, ਜਿੰਨਾਂ ਦੇ ਦੋਗਾਣਾ ਗਾਣਿਆਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲਿਆ।
ਇਸ ਤੋਂ ਇਲਾਵਾ ਜੇਕਰ ਉਨਾਂ ਦੀ ਸੰਗੀਤਕ ਸਾਂਝ ਜਿੰਨਾਂ ਗੀਤਕਾਰਾਂ ਨਾਲ ਜਿਆਦਾ ਰਹੀ ਤਾਂ ਉਹ ਸਨ ਲਖਵਿੰਦਰ ਮਾਨ, ਅਮਰ ਮਸਤਾਨਾ ਅਤੇ ਪ੍ਰੀਤ ਕਾਲਝਰਾਨੀ, ਜਿੰਨਾਂ ਦੇ ਲਿਖੇ ਅਨੇਕਾਂ ਗੀਤਾਂ ਨੂੰ ਉਨਾਂ ਦੀ ਬੁਲੰਦ ਆਵਾਜ਼ ਨੇ ਖੂਬ ਚਾਰ ਚੰਨ ਲਾਏ।
ਸੰਗੀਤ ਜਗਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੇ ਗਏ ਇਸ ਹਰਦਿਲ ਅਜ਼ੀਜ਼ ਗਾਇਕ ਦੀ ਅਚਨਚੇਤ ਮੌਤ 'ਤੇ ਸੰਗੀਤ ਖੇਤਰ ਨਾਲ ਸੰਬੰਧ ਰੱਖਦੀਆਂ ਵੱਖ ਵੱਖ ਸਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿੰਨਾਂ ਵਿੱਚ ਲੋਕ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਸਪਨਾ ਕੰਵਲ, ਨਿਰਮਲ ਸਿੱਧੂ, ਗੀਤਾ ਜ਼ੈਲਦਾਰ, ਗੀਤਕਾਰ ਬਾਬੂ ਸਿੰਘ ਮਾਨ, ਅਦਾਕਾਰ-ਨਿਰਦੇਸ਼ਕ ਅਮਿਤੋਜ ਮਾਨ, ਗੀਤਕਾਰ ਗੁਰਾਦਿੱਤਾ ਸੰਧੂ, ਗਾਇਕ ਬਿੱਲਾ ਮਾਣੇਵਾਲੀਆ, ਸੰਧੂ ਸੁਰਜੀਤ, ਸੰਗੀਤਕਾਰ ਦਵਿੰਦਰ ਸੰਧੂ ਆਦਿ ਸ਼ਾਮਿਲ ਰਹੇ।