ਬਰਨਾਲਾ: ਪੰਜਾਬੀ ਗਾਇਕ ਆਏ ਦਿਨ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬੀ ਗਾਇਕ ਜੈਜ਼ੀ ਬੀ ਇੱਕ ਵੱਡੇ ਵਿਵਾਦ ਵਿੱਚ ਫਸ ਗਏ ਹਨ। ਇਸ ਵਿਵਾਦ ਦਾ ਵੱਡਾ ਕਾਰਨ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ 'ਮੜਕ ਸ਼ੌਕੀਨਾਂ ਦੀ' ਹੈ। ਜੀ ਹਾਂ...ਬਰਨਾਲਾ ਵਿਖੇ ਅੱਜ 22 ਮਾਰਚ ਨੂੰ ਪੰਜਾਬੀ ਗਾਇਕ ਜੈਜ਼ੀ ਬੀ ਦਾ ਪੁਤਲਾ ਸਾੜ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਰੋਸ ਪ੍ਰਦਰਸ਼ਨ ਕੀਤਾ।
ਪੂਰਾ ਮਾਮਲਾ ਜਾਣੋ: ਹਾਲ ਹੀ ਵਿੱਚ ਕਿਸਾਨ ਜੱਥੇਬੰਦੀ ਨੇ ਗਾਇਕ ਜੈਜ਼ੀ ਬੀ ਦੇ ਨਵੇਂ ਗੀਤ ਨੂੰ ਲੈ ਇਤਰਾਜ਼ ਜਤਾਇਆ ਹੈ। ਗੀਤ ਵਿੱਚ ਔਰਤਾਂ ਲਈ 'ਭੇਡ' ਸ਼ਬਦ ਦੀ ਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਉਲੇਖਯੋਗ ਹੈ ਕਿ ਜੈਜ਼ੀ ਬੀ ਦੇ 10 ਮਾਰਚ 2024 ਨੂੰ ਰਿਲੀਜ਼ ਹੋਏ ਗੀਤ 'ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡੇ' ਸੰਬੰਧੀ ਕਿਸਾਨ ਜੱਥੇਬੰਦੀ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਗਾਇਕ ਉਤੇ ਔਰਤਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ '8 ਮਾਰਚ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਉਥੇ ਹੀ 10 ਮਾਰਚ ਨੂੰ ਪੰਜਾਬੀ ਗਾਇਕ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਉਸਨੇ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਹੈ, ਜੋ ਬਹੁਤ ਨਿੰਦਣਯੋਗ ਹੈ।'
- ਇਸ ਦੋਗਾਣਾ ਟਰੈਕ ਨਾਲ ਸਾਹਮਣੇ ਆਉਣਗੇ ਬਲਵੀਰ ਬੋਪਾਰਾਏ, ਜਲਦ ਹੋਵੇਗਾ ਰਿਲੀਜ਼ - Balvir BopaRai upcoming song
- ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਸੰਗੀਤ ਸਮਾਰੋਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਰੁਮਾਂਟਿਕ ਮੂਡ 'ਚ ਨਜ਼ਰ ਆਈ ਜੋੜੀ - Pulkit Kriti Sangeet Ceremony Pics
- ਸ਼ਾਹਰੁਖ ਖਾਨ ਦਾ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ, ਥੀਏਟਰ 'ਚ ਦੇਖੋ 'ਬਾਜ਼ੀਗਰ', ਜਾਣੋ ਕਦੋਂ ਅਤੇ ਕਿੱਥੇ? - Retro Film Festival
ਉਹਨਾਂ ਅੱਗੇ ਦੱਸਿਆ ਕਿ ਗਾਇਕ ਜੈਜ਼ੀ ਬੀ ਦਾ ਗੀਤ 'ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡੇ' ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਔਰਤਾਂ ਲਈ 'ਭੇਡ' ਸ਼ਬਦ ਵਰਤਿਆ ਗਿਆ ਹੈ, ਜੋ ਬਹੁਤ ਮੰਦਭਾਗਾ ਹੈ। ਇਸ ਤਰ੍ਹਾਂ ਸ਼ਰੇਆਮ ਔਰਤਾਂ ਲਈ ਇਹ ਸ਼ਬਦ ਵਰਤਣਾ ਬਹੁਤ ਨਿੰਦਣਯੋਗ ਹੈ, ਜਿਸ ਕਰਕੇ ਅੱਜ ਉਹਨਾਂ ਦੀ ਜੱਥੇਬੰਦੀ ਵੱਲੋਂ ਗਾਇਕ ਜੈਜ਼ੀ ਬੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੰਬੰਧੀ ਅੱਗੇ ਆਉਣ ਅਤੇ ਇਸ ਗੀਤ ਉਤੇ ਇਤਰਾਜ਼ ਜਤਾਉਣ। ਉਹਨਾਂ ਪੰਜਾਬ ਦੇ ਲੋਕਾਂ ਨੂੰ ਗਾਇਕ ਜੈਜ਼ੀ ਬੀ ਦੇ ਇਸ ਗੀਤ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।
ਉਥੇ ਨਾਲ ਹੀ ਉਹਨਾਂ ਕਿਹਾ ਕਿ ਜੈਜ਼ੀ ਬੀ ਦੇ ਇਸ ਗੀਤ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਇਸ ਸੰਬੰਧੀ ਇੱਕ ਸ਼ਿਕਾਇਤ ਨੈਸ਼ਨਲ ਅਤੇ ਸਟੇਟ ਦੇ ਮਹਿਲਾ ਕਮਿਸ਼ਨ ਨੂੰ ਵੀ ਭੇਜੀ ਗਈ ਹੈ। ਉਹਨਾਂ ਪੰਜਾਬ ਸਰਕਾਰ ਤੋਂ ਇਸ ਗੀਤ ਨੂੰ ਤੁਰੰਤ ਬੈਨ ਕਰਨ ਦੀ ਮੰਗ ਵੀ ਕੀਤੀ ਹੈ।