ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਨਵਾਂ ਵਰ੍ਹਾਂ ਕਈ ਪੱਖੋ ਵੰਨ-ਸਵੰਨਤਾ ਭਰਿਆ ਸਾਬਿਤ ਹੋਣ ਜਾ ਰਿਹਾ ਹੈ, ਜਿਸ ਦਾ ਹੀ ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਵੈਰ ਮੇਲੇ ਦਾ', ਜੋ ਜਲਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਐਮਕੇ ਇੰਟਰਨੈਸ਼ਨਲ' ਅਤੇ 'ਦੁਰਗਾ ਆਰਟਸ ਪ੍ਰੋਡੋਕਸ਼ਨ' ਦੇ ਬੈਨਰਜ਼ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਜੱਗੀ ਵੱਲੋਂ ਕੀਤਾ ਗਿਆ ਹੈ, ਜੋ ਹਿੰਦੀ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਰੋਮਾਂਚਕ ਸਿਨੇਮੈਟਿਕ ਅਨੁਭਵ ਦਾ ਇਜ਼ਹਾਰ ਕਰਵਾਉਂਦੀ ਅਤੇ ਐਕਸ਼ਨ ਡਰਾਮਾ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫਿਲਮ ਵਿੱਚ ਹਿੰਦੀ ਸਿਨੇਮਾ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਦਿੱਗਜ ਐਕਟਰਜ਼ ਰਣਜੀਤ, ਸੁਦੇਸ਼ ਬੈਰੀ ਅਤੇ ਅਰੁਣ ਬਖਸ਼ੀ ਪਹਿਲੀ ਵਾਰ ਇਕੱਠਿਆਂ ਨਜ਼ਰ ਆਉਣਗੇ, ਜੋ ਪੈਰੇਲਰ ਕਿਰਦਾਰਾਂ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਬਾਲੀਵੁੱਡ ਨਿਰਮਾਤਾਵਾਂ ਦੁਰਗਾ ਸਿੰਘ ਅਤੇ ਮੰਗਲੇਸ਼ ਸਿੰਘ ਦੁਆਰਾ ਨਿਰਮਿਤ ਕੀਤੀ ਗਈ ਉਕਤ ਫਿਲਮ ਨੂੰ ਹਰਿਆਣਾ ਦੇ ਕਰਨਾਲ ਅਤੇ ਮੁੰਬਈ ਸਟੂਡਿਓਜ਼ ਤੋਂ ਇਲਾਵਾ ਇੱਥੋਂ ਆਸ-ਪਾਸ ਦੇ ਹਿੱਸਿਆਂ ਵਿੱਚ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ ਜੁੜੇ ਕੁਝ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਪੇਂਡੂ ਥੈਕਡਰਾਪ ਦੁਆਲੇ ਘੁੰਮਦੀ ਇਸ ਫਿਲਮ ਦੇ ਸੰਗੀਤਕਾਰ ਰਾਜ ਸੈਣ, ਸਿਨੇਮਾਟੋਗ੍ਰਾਫ਼ਰ ਰਜਿੰਦਰਾ ਸ਼ਰਮਾ, ਲੇਖਕ ਹਰਜੀਤ ਸਿੰਘ, ਸੰਪਾਦਕ ਸੰਜੇ ਜੈਸਵਾਲ, ਐਕਸ਼ਨ ਡਾਇਰੈਕਟਰ ਨਵੀਨ, ਲਾਈਨ ਨਿਰਮਾਤਾ ਪ੍ਰਸ਼ੋਤਮ ਅਗਰਵਾਲ, ਕਲਾ ਨਿਰਦੇਸ਼ਕ ਦੀਪਕ ਵਿਸ਼ਵਾਕਰਮਾ ਅਤੇ ਪ੍ਰੋਜੈਕਟ ਡਿਜ਼ਾਈਨਰ ਅਮਿਤ ਅੰਸ਼ੂ ਹਨ।
ਹਿੰਦੀ ਅਤੇ ਹਰਿਆਣਵੀ ਕਲਾਕਾਰਾਂ ਦੇ ਬਿਹਤਰੀਨ ਅਤੇ ਅਨੂਠੇ ਸੁਮੇਲ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਅਤੇ ਵਿਲੱਖਣਤਾ ਭਰੀ ਸਿਨੇਮਾ ਸਿਰਜਨਾਤਮਕਤਾ ਦਾ ਅਹਿਸਾਸ ਕਰਵਾਉਂਦੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਰਣਜੀਤ, ਜੋ ਇਸ ਫਿਲਮ ਦੁਆਰਾ ਲੰਮੇਂ ਸਮੇਂ ਦੇ ਸਿਨੇਮਾ ਖਲਾਅ ਬਾਅਦ ਦੁਬਾਰਾ ਸਿਲਵਰ ਸਕਰੀਨ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ।
ਉਨ੍ਹਾਂ ਇਸੇ ਫਿਲਮ ਅਤੇ ਆਪਣੇ ਕਿਰਦਾਰ ਸੰਬੰਧੀ ਵਿਸਥਾਰਕ ਜਾਣਕਾਰੀ ਦਿੰਦਿਆਂ ਦੱਸਿਆ, 'ਮੂਲ ਰੂਪ ਵਿੱਚ ਪੰਜਾਬ ਪਿਛੋਕੜ ਨਾਲ ਹੀ ਤਾਲੁਕ ਰੱਖਦਾ ਹਾਂ, ਜਿਸ ਦੇ ਮੱਦੇਨਜ਼ਰ ਕਾਫ਼ੀ ਸਮੇਂ ਤੋਂ ਪੰਜਾਬੀ ਫਿਲਮ ਖਾਸ ਕਰ ਠੇਠ ਦੇਸੀ ਕਹਾਣੀਸਾਰ ਨਾਲ ਜੁੜਨ ਦੀ ਖ਼ਵਾਹਿਸ਼ ਰਹੀ ਹੈ, ਜੋ ਆਖਰ ਹੁਣ ਜਾ ਕੇ ਪੂਰੀ ਹੋਣ ਜਾ ਰਹੀ ਹੈ। ਜੇਕਰ ਕਿਰਦਾਰ ਦੀ ਗੱਲ ਕਰਾਂ ਤਾਂ ਇਹ ਜ਼ਮੀਨ ਨਾਲ ਜੁੜਿਆ ਕਿਰਦਾਰ ਹੈ, ਜੋ ਬਹੁਤ ਹੀ ਦਿਲਚਸਪ ਅਤੇ ਚੁਣੌਤੀਪੂਰਨ ਵੀ ਹੈ, ਜਿਸ ਵਿੱਚ ਦਰਸ਼ਕ ਅਤੇ ਪ੍ਰਸ਼ੰਸਕਾਂ ਇੱਕ ਨਵੇਂ ਅਵਤਾਰ ਵਿੱਚ ਵੇਖਣਗੇ।'