ਚੰਡੀਗੜ੍ਹ: ਮਾਲਵਾ ਦੇ ਰਜਵਾੜਾਸ਼ਾਹੀ ਜਿਲ੍ਹੇ ਫਰੀਦਕੋਟ ਨਾਲ ਸੰਬੰਧਿਤ ਕਈ ਸ਼ਖਸ਼ੀਅਤਾਂ ਨੇ ਸਿਨੇਮਾ ਅਤੇ ਗਾਇਕੀ ਖੇਤਰ ਵਿੱਚ ਨਿਵੇਕਲੀ ਅਤੇ ਕਾਮਯਾਬ ਪਹਿਚਾਣ ਸਥਾਪਿਤ ਕਰਨ ਦਾ ਮਾਣ ਹਾਸਿਲ ਕੀਤਾ ਹੈ, ਜਿੰਨਾਂ ਦੀ ਹੀ ਮਾਣਮੱਤੀ ਲੜੀ ਨੂੰ ਹੋਰ ਖੂਬਸੂਰਤ ਆਯਾਮ ਦੇਣ ਜਾ ਰਿਹਾ ਹੈ, ਇਥੋਂ ਦੇ ਹੀ ਸ਼ਹਿਰ ਕੋਟਕਪੂਰਾ ਅਤੇ ਇੱਕ ਸਾਧਾਰਨ ਪਰਿਵਾਰ ਨਾਲ ਵਾਵੁਸਤਾ ਰੱਖਦਾ ਗਾਇਕ ਦਰਸ਼ਨ ਜੀਤ, ਜੋ ਰਿਲੀਜ਼ ਹੋਏ ਆਪਣੇ ਨਵੇਂ ਗਾਣੇ 'ਪਿੰਕ ਰੋਜ਼' ਨਾਲ ਪੰਜਾਬੀ ਗਾਇਕੀ ਖੇਤਰ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕਾ ਹੈ।
'ਹਿਲਜ਼ ਆਈ ਪ੍ਰੋਡੋਕਸ਼ਨਜ' ਅਤੇ 'ਮਹੇਸ਼ ਚਾਵਲਾ' ਵੱਲੋਂ ਪੇਸ਼ ਕੀਤੇ ਗਏ ਇਸ ਟਰੈਕ ਵਿਚਲੀ ਆਵਾਜ਼ ਦਰਸ਼ਨ ਜੀ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਕਰਮਜੀਤ ਪੁਰੀ ਨੇ ਲਿਖੇ ਹਨ ਅਤੇ ਇਸਦਾ ਮਨ ਨੂੰ ਛੂਹ ਲੈਣ ਵਾਲਾ ਮਿਊਜ਼ਿਕ ਮੀਰ ਸਾਦਿਕ ਨੇ ਤਿਆਰ ਕੀਤਾ ਹੈ।
ਨੌਜਵਾਨ ਮਨ ਦੀ ਤਰਜ਼ਮਾਨੀ ਕਰਦੇ ਉਕਤ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਵੀਰਤਿਕਾ ਮਲਿਕ ਅਤੇ 'ਦਿ ਫਰੇਮ ਐਂਡ ਫੇਸ' ਨੇ ਦਿੱਤੀ ਹੈ ਅਤੇ ਕੈਮਰਾਮੈਨ ਵਜੋਂ ਜਿੰਮੇਵਾਰੀਆਂ ਗੈਰੀ ਗਿੱਲ ਨੇ ਨਿਭਾਈਆਂ ਹਨ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਵੰਨਗੀਆਂ ਨੂੰ ਅਪਣੀ ਗਾਇਕੀ ਦਾ ਹਿੱਸਾ ਬਣਾ ਅੱਗੇ ਵੱਧ ਰਹੇ ਇਸ ਹੋਣਹਾਰ ਗਾਇਕ ਨੇ ਦੱਸਿਆ ਕਿ ਉਨਾਂ ਦੇ ਹਾਲੀਆ ਗਾਣਿਆ ਦੀ ਤਰ੍ਹਾਂ ਉਕਤ ਗਾਣੇ ਨੂੰ ਵੀ ਸੰਗੀਤਕ ਮਿਆਰ ਦੀ ਹਰ ਕਸਵੱਟੀ 'ਤੇ ਪੂਰਨ ਖਰਾ ਉਤਾਰਿਆ ਗਿਆ ਹੈ, ਜਿਸ ਵਿੱਚ ਸ਼ਾਮਿਲ ਕੀਤਾ ਗਿਆ ਸਦਾ ਬਹਾਰ ਰੰਗ ਦਰਸ਼ਕਾਂ ਨੂੰ ਨਵੀਂ ਸੰਗੀਤਕ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗਾ।
ਉਨਾਂ ਦੱਸਿਆ ਕਿ ਹੁਣ ਤੱਕ ਦੇ ਕਰੀਅਰ ਦੌਰਾਨ ਉਨਾਂ ਸਫਲਤਾ ਲਈ ਕਦੇ ਵੀ ਸ਼ਾਰਟਕੱਟ ਰਾਹ ਅਪਣਾਉਣ ਨੂੰ ਤਵੱਜੋ ਨਹੀਂ ਦਿੱਤੀ ਅਤੇ ਅਜਿਹੇ ਗੀਤ ਹੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਹਰ ਵਰਗ ਅਤੇ ਹਰ ਪਰਿਵਾਰ ਇੰਨਾਂ ਨੂੰ ਇਕੱਠਿਆਂ ਬੈਠ ਸੁਣ ਅਤੇ ਵੇਖ ਸਕਣ।
ਆਧੁਨਿਕ ਅਤੇ ਪੱਛਮੀ ਰੰਗਾਂ ਦੇ ਵਿੱਚ ਗੜੁੱਚ ਹੁੰਦੇ ਜਾ ਰਹੇ ਸੰਗੀਤਕ ਦੌਰ ਦੇ ਬਾਵਜੂਦ ਸਾਫ-ਸੁਥਰੀ ਗਾਇਕੀ ਨੂੰ ਪ੍ਰਮੁੱਖਤਾ ਦੇ ਰਹੇ ਪੰਜਾਬੀ ਗਾਇਕਾਂ ਵਿੱਚ ਲਗਾਤਾਰ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਿਹਾ ਹੈ ਇਹ ਪ੍ਰਤਿਭਾਵਾਨ ਮਲਵਈ ਗਾਇਕ, ਜਿਸ ਦੇ ਹੁਣ ਤੱਕ ਦੇ ਗਾਇਨ ਸਫ਼ਰ ਦੌਰਾਨ ਚਰਚਿਤ ਰਹੇ ਗਾਣਿਆਂ ਵਿੱਚ 'ਪੀ ਆਰ', 'ਸਾਈਆਂ ਦੇ ਬੱਚੇ', 'ਪਿਆਰ' ਆਦਿ ਸ਼ੁਮਾਰ ਰਹੇ ਹਨ।