ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਲਾਈਨ ਨਿਰਮਾਤਾ ਅਤੇ ਨਿਰਦੇਸ਼ਕ ਵਰੁਣ ਬਿੱਲਾ ਹੁਣ ਬਤੌਰ ਫਿਲਮ ਪੇਸ਼ਕਰਤਾ, ਨਿਰਮਾਤਾ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਵੱਲ ਆਪਣੇ ਕਦਮ ਅੱਗੇ ਵਧਾ ਚੁੱਕੇ ਹਨ, ਜੋ ਨਿਰਮਾਤਾ ਦੇ ਰੂਪ ਵਿੱਚ ਆਪਣੀ ਪਲੇਠੀ ਅਤੇ ਬਿੱਗ ਸੈੱਟਅੱਪ ਪੰਜਾਬੀ ਫਿਲਮ ਦਾ ਆਗਾਜ਼ ਜਲਦ ਕਰਨ ਜਾ ਰਹੇ ਹਨ।
ਮੂਲ ਰੂਪ ਵਿੱਚ ਦਿੱਲੀ ਨਾਲ ਸੰਬੰਧਤ ਇਸ ਹੋਣਹਾਰ ਅਤੇ ਪ੍ਰਤਿਭਾਵਾਨ ਸਿਨੇਮਾ ਸ਼ਖਸ਼ੀਅਤ ਨਾਲ ਉਨਾਂ ਦੇ ਜੀਵਨ, ਫਿਲਮ ਕਰੀਅਰ ਅਤੇ ਅਗਾਮੀ ਪਰਿਯੋਜਨਾਵਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਜਨਮ 12 ਅਗਸਤ 1993 ਨੂੰ ਨਵੀਂ ਦਿੱਲੀ 'ਚ ਹੋਇਆ, ਜਿੰਨਾਂ ਦੇ ਪਿਤਾ ਸਵ ਨਰਿੰਦਰ ਬਿੱਲਾ ਇੱਥੋਂ ਦੀਆਂ ਸਤਿਕਾਰਿਤ ਸਮਾਜਸੇਵੀ ਹਸਤੀਆਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਸਨ, ਜਿੰਨਾਂ ਦੇ ਦਿਖਾਏ ਮਾਰਗ ਦਰਸ਼ਨ 'ਤੇ ਚੱਲਦਿਆਂ ਉਹ ਖੁਦ ਵੀ ਸਮਾਜਿਕ ਫਰਜ਼ ਨਿਭਾਉਣ ਵਿੱਚ ਮੋਹਰੀ ਯੋਗਦਾਨ ਪਾ ਰਹੇ ਹਨ।
ਉੱਤਰ ਭਾਰਤ ਵਿੱਚ ਸੰਪੂਰਨ ਹੋਣ ਵਾਲੀਆਂ ਫਿਲਮਾਂ, ਵੈੱਬ-ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਇਹ ਅਨੁਭਵੀ ਲਾਈਨ ਨਿਰਮਾਤਾ, ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ 'ਤੇ ਵੀ ਕਈ ਪ੍ਰੋਜੈਕਟਸ ਨੂੰ ਸਾਹਮਣੇ ਲਿਆਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ।
ਇੰਟਰਨੈਸ਼ਨਲ ਅਤੇ ਬਾਲੀਵੁੱਡ ਪ੍ਰੋਜੈਕਟਾਂ ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਆਦਿ ਵਿੱਚ ਕੁਸ਼ਲਤਾਪੂਰਵਕ ਨੇਪਰੇ ਚੜਾਉਣ ਵਾਲੇ ਇਸ ਸ਼ਾਨਦਾਰ ਸਿਨੇਮਾ ਉੱਦਮੀ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਸੁਪਰਵੀਜ਼ਨ ਕੀਤੀਆਂ ਗਈਆਂ ਫਿਲਮਾਂ ਅਤੇ ਹੋਰਨਾਂ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਸੰਜੇ ਦੱਤ ਸਟਾਰਰ 'ਭੂਮੀ', ਨਿਰਦੇਸ਼ਕ ਹੇਮੰਤ ਸ਼ਰਨ ਦੀ ਮੁਕਲ ਦੇਵ ਨਾਲ 'ਧੂਪ ਛਾਂਵ', 'ਅੰਤਰਯਾਤਰੀ ਮਹਾਂਪੁਰਸ਼', ਵੈੱਬ-ਸੀਰੀਜ਼ 'ਝੋਲਾਛਾਪ', 'ਬਦਨਾਮ ਗਲੀ' (ਜੀ5), 'ਚਾਚਾ ਵਿਧਾਇਕ ਹੈ ਹਮਾਰੇ' ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਵਿੱਚ ਰਾਹਤ ਫਤਿਹ ਅਲੀ ਖਾਨ ਦੇ 'ਸੁਣ ਯਾਰਾਂ' ਅਤੇ 'ਰੋਂਦੇ ਨੈਣ ਨਿਮਾਣੇ', ਸ਼ਾਹਿਦ ਮਾਲਿਆ ਦਾ 'ਮੌਲਾ ਮਿਲਾ ਦੇ', ਬਰੇਲ ਨਾਲ 'ਕਾਸ਼ਨੀ ਅਤੇ ਕਿਲਰ', ਮਸੂਮ ਸ਼ਰਮਾ-ਆਸ਼ੂ ਟਿਵੰਕਲ ਨਾਲ 'ਥਰੀ ਰੂਲਜ਼', ਨੀਤੀ ਮੋਹਨ-ਰਣਬੀਰ ਦਾ 'ਤੇਰੇ ਮੇਰੇ ਦਰਮਿਆਨ', ਦੀਪ ਪ੍ਰਿੰਸ ਦਾ 'ਗੁਡਵਿਲ', ਐਮ ਡੈਵ ਦਾ 'ਕਿਆ ਕਹਿਣੇ' ਆਦਿ ਸ਼ਾਮਿਲ ਰਹੇ ਹਨ।
ਹਿੰਦੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਖੇਤਰ ਵਿੱਚ ਕੁਝ ਖਾਸ ਕਰਨ ਲਈ ਯਤਨਸ਼ੀਲ ਹੋ ਚੁੱਕੇ ਨਿਰਮਾਤਾ ਵਰੁਣ ਬਿੱਲਾ ਨਾਲ ਉਨਾਂ ਦੀਆਂ ਇਸ ਦਿਸ਼ਾ ਵਿੱਚ ਆਗਾਮੀ ਪਰਿ-ਯੋਜਨਾਵਾਂ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਬਤੌਰ ਪ੍ਰੋਜੈਟਰ ਅਤੇ ਨਿਰਮਾਣਕਾਰ ਕੁਝ ਅਲਹਦਾ ਪਾਲੀਵੁੱਡ ਪ੍ਰੋਜੈਕਟ ਸਾਹਮਣੇ ਲਿਆਉਣ ਦਾ ਇਰਾਦਾ ਹੈ, ਜੋ ਫਾਰਮੂਲਾ ਦੀ ਬਜਾਏ ਅਜਿਹੇ ਬਿਹਤਰੀਨ ਕੰਟੈਂਟ ਬੇਸਡ ਹੋਣਗੇ, ਜਿੰਨਾਂ ਦੁਆਰਾ ਤਰੋ-ਤਾਜ਼ਗੀ ਭਰੇ ਅਤੇ ਉਮਦਾ ਸਿਨੇਮਾ ਸਿਰਜਣ ਦੇ ਕਈ ਖੂਬਸੂਰਤ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਉਨਾਂ ਅੱਗੇ ਦੱਸਿਆ ਕਿ ਬਿੱਗ ਸੈਟਅੱਪ ਅਧੀਨ ਬਣਾਈ ਜਾਣ ਵਾਲੀ ਉਨਾਂ ਦੀ ਪਲੇਠੀ ਨਿਰਮਿਤ ਪੰਜਾਬੀ ਫਿਲਮ ਦੀ ਰਸਮੀ ਅਨਾਊਂਸਮੈਂਟ ਜਲਦ ਕਰ ਦਿੱਤੀ ਜਾਵੇਗੀ, ਜਿਸ ਵਿੱਚ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।