ਚੰਡੀਗੜ੍ਹ: ਹਿੰਦੀ ਸਿਨੇਮਾ ਦੀਆਂ ਮਹਾਨਤਮ ਸ਼ਖਸ਼ੀਅਤਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਧਰਮਿੰਦਰ ਜਲਦ ਹੀ ਇੱਕ ਵੱਡੀ ਪੰਜਾਬੀ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਲੰਮੇਂ ਸਮੇਂ ਬਾਅਦ ਪਾਲੀਵੁੱਡ ਸਕ੍ਰੀਨ ਉਪਰ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੇ।
ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਅਤੇ ਵੱਡੀਆਂ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਮੋਹਨ ਬੱਗੜ੍ਹ ਕਰਨਗੇ, ਜੋ ਹਿੰਦੀ ਸਿਨੇਮਾ ਦੇ ਅਜ਼ੀਮ ਫਾਈਟ ਡਇਰੈਕਟਰ ਵਜੋਂ ਸ਼ਾਨਦਾਰ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ।
ਆਗਾਮੀ ਦਿਨੀਂ ਮੁੰਬਈ ਵਿਖੇ ਹੋਣ ਜਾ ਰਹੇ ਗ੍ਰੈਂਡ ਸਮਾਰੋਹ ਦੌਰਾਨ ਅਨਾਊਂਸ ਹੋਣ ਜਾ ਰਹੀ ਇਸ ਪਰਿਵਾਰਕ ਡਰਾਮਾ ਅਤੇ ਰੁਮਾਂਟਿਕ ਸੰਗੀਤਮਈ ਫਿਲਮ ਵਿੱਚ ਰਾਜ ਬੱਬਰ ਸਮੇਤ ਹਿੰਦੀ ਸਿਨੇਮਾ ਦੇ ਕਈ ਦਿੱਗਜ ਐਕਟਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਦੇ ਨਾਵਾਂ ਦਾ ਰਸਮੀ ਐਲਾਨ ਜਲਦ ਕੀਤਾ ਜਾ ਰਿਹਾ ਹੈ।
ਦੁਆਬਾ ਦੇ ਜਲੰਧਰ ਲਾਗਲੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਦੁਆਰਾ ਮੋਹਨ ਬੱਗੜ੍ਹ ਦੇ ਹੋਣਹਾਰ ਫਰਜ਼ੰਦ ਸੋਨੂੰ ਬੱਗੜ੍ਹ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਨਾਲ ਇੱਕ ਨਵੇਂ ਅਤੇ ਚਰਚਿਤ ਚਿਹਰੇ ਨੂੰ ਪੰਜਾਬੀ ਫਿਲਮ ਉਦਯੋਗ ਵਿੱਚ ਲਾਂਚ ਕੀਤਾ ਜਾ ਰਿਹਾ ਹੈ।
ਸਾਲ 2014 ਵਿੱਚ ਆਈ ਗਿੱਪੀ ਗਰੇਵਾਲ ਸਟਾਰਰ 'ਡਬਲ ਦੀ ਟ੍ਰਬਲ' ਵਿੱਚ ਨਜ਼ਰ ਆਏ ਧਰਮਿੰਦਰ ਕਰੀਬ ਇੱਕ ਦਹਾਕੇ ਬਾਅਦ ਪੰਜਾਬੀ ਸਿਨੇਮਾ ਸਕ੍ਰੀਨ ਉਤੇ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।
ਪੰਜਾਬੀ ਸਿਨੇਮਾ ਦੀ ਇੱਕ ਬਹੁ-ਲਾਗਤੀ ਅਤੇ ਮਲਟੀ-ਸਟਾਰਰ ਫਿਲਮ ਵਜੋਂ ਵਜ਼ੂਦ ਲੈਣ ਜਾ ਰਹੀ ਉਕਤ ਫਿਲਮ ਦੁਆਰਾ ਮੋਹਨ ਬੱਗੜ੍ਹ ਬਤੌਰ ਨਿਰਦੇਸ਼ਕ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਵੀ ਆਗਾਜ਼ ਕਰਨ ਜਾ ਰਹੇ ਹਨ, ਜੋ ਅਦਾਕਾਰ ਦੇ ਰੂਪ ਵਿੱਚ ਵੀ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਸਰਪੰਚ', 'ਬਟਵਾਰਾ' ਆਦਿ ਵੀ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ: